ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਅੱਜ ਖੋ-ਖੋ, ਬਾਸਕਟਬਾਲ, ਟੈਨਿਸ, ਫੁਟਬਾਲ ਅਤੇ ਨੈੱਟਬਾਲ ਦੇ ਮੁਕਾਬਲੇ ਹੋਏ। ਛੇਵੇਂ ਦਿਨ ਦੀਆਂ ਖੇਡਾਂ ’ਚ ਇੰਟਰਨੈਸ਼ਨਲ ਖਿਡਾਰੀ ਗੁਰਮੁਖ ਸਿੰਘ, ਇੰਟਰਨੈਸ਼ਨਲ ਕੁਸ਼ਤੀ ਖਿਡਾਰੀ ਅਤੇ ਦਲਬਾਰਾ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਲਾਅਨ ਟੈਨਿਸ ਵਿੱਚ ਤਗ਼ਮਾ ਜੇਤੂ ਖਿਡਾਰੀਆਂ ਨੂੰ ਤਗ਼ਮੇ ਵੰਡੇ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਖੋ-ਖੋ ਵਿਚ ਅੰਡਰ-14 ਲੜਕੀਆਂ ਦੇ ਫਾਈਨਲ ਮੁਕਾਬਲਿਆਂ ’ਚ ਪਟਿਆਲਾ ਸ਼ਹਿਰੀ ਦੀ ਟੀਮ ਨੇ ਪਹਿਲਾ, ਅੰਡਰ-17 ਵਿੱਚ ਘਨੌਰ ਦੀ ਟੀਮ ਨੇ ਪਹਿਲਾ ਅਤੇ ਅੰਡਰ-21 ਵਿੱਚ ਘਨੌਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਾਤੜਾਂ-ਏ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਾਸਕਟਬਾਲ 21-30 ਉਮਰ ਵਰਗ ਦੇ ਮੁਕਾਬਲੇ ਵਿੱਚ ਪੋਲੋ ਬਲੀਅਰਸ ਦੀ ਟੀਮ ਨੇ ਗੁਰੂਕੁਲ ਦੀ ਟੀਮ ਨੂੰ 93-88 ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਲਾਅਨ ਟੈਨਿਸ ਵਿਚ ਅੰਡਰ-21 ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਪ੍ਰਬਲੀਨ ਕੌਰ ਨੇ ਪਹਿਲਾ, ਅੰਡਰ-14 ਲੜਕਿਆਂ ਵਿੱਚ ਆਦੇਸ਼ਬੀਰ ਸਿੰਘ ਪਹਿਲਾ, ਅੰਡਰ-17 ਵਿੱਚ ਸਹਿਜਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁਟਬਾਲ ਅੰਡਰ-14 ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਪੋਲੋ ਗਰਾਊਂਡ ਪਟਿਆਲਾ ਦੀ ਟੀਮ ਨੇ ਅਜ਼ਾਦ ਫੁਟਬਾਲ ਕਲੱਬ ਬਿਜਲੀ ਬੋਰਡ ਨੂੰ 6-1 ਦੇ ਫ਼ਰਕ ਨਾਲ ਹਰਾ ਕਿ ਪਹਿਲਾ ਸਥਾਨ ਹਾਸਲ ਕੀਤਾ। ਬਾਸਕਟਬਾਲ ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਮਲਟੀਪਰਪਜ਼ ਕੋਚਿੰਗ ਸੈਂਟਰ ਦੀ ਟੀਮ ਨੇ ਪੋਲੋ ਗਰਾਊਂਡ ਦੀ ਟੀਮ ਨੂੰ 55-34 ਦੇ ਫ਼ਰਕ ਨਾਲ ਹਰਾ ਕਿ ਪਹਿਲੇ ਸਥਾਨ ’ਤੇ ਰਹੀ।
ਜੂਡੋ ਵਿੱਚ ਪਰਮਜੀਤ ਕੌਰ ਨੇ ਸੋਨ ਤਗ਼ਮਾ ਜਿੱਤਿਆ
ਪਟਿਆਲਾ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ-2024 ਦਾ ਜੂਡੋ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਨਵੀਨਰ ਸੁਰਜੀਤ ਸਿੰਘ ਵਾਲੀਆ ਅਤੇ ਕੋ-ਕਨਵੀਨਰ ਮਨਦੀਪ ਕੁਮਾਰ ਦੀ ਅਗਵਾਈ ਹੇਠ ਪੋਲੋ ਗਰਾਊਂਡ ਪਟਿਆਲਾ ’ਚ ਕਰਵਾਇਆ ਗਿਆ। ਹਰ ਖਿਡਾਰੀ ਨੇ ਇਸ ਟੂਰਨਾਮੈਂਟ ਵਿੱਚ ਆਪਣੇ ਸਰਵੋਤਮ ਖੇਡ ਦਾ ਪ੍ਰਦਰਸ਼ਨ ਕੀਤਾ। ਪਰਮਜੀਤ ਕੌਰ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਪੰਜਾਬ ਦਾ ਵਣਤ੍ਰਿਣ ਜੀਵ ਜੰਤੂ ਮੁੜ ਬਹਾਲੀ ਕੇਂਦਰ ਵਿਭਾਗ ਵਿੱਚ ਬਤੌਰ ਸੀਨੀਅਰ ਸਹਾਇਕ ਕੰਮ ਕਰ ਰਹੇ ਹਨ, ਨੇ ਵੀ ਇਸ ਟੂਰਨਾਮੈਂਟ ਵਿੱਚ ਭਾਗ ਲਿਆ। ਪਰਮਜੀਤ ਕੌਰ ਨੇ ਆਪਣੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜੂਡੋ ਦੇ 21 ਸਾਲ ਉਮਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ।