ਖੇਤਰੀ ਪ੍ਰਤੀਨਿਧ
ਪਟਿਆਲਾ, 29 ਜੁਲਾਈ
ਤਿੰਨ ਮਹੀਨੇ ਪਹਿਲਾਂ ਖਾਲਿਸਤਾਨ ਦੇ ਮੁੱਦੇ ’ਤੇ ਇਥੇ ਦੋ ਫਿਰਕਿਆਂ ’ਚ ਹੋਏ ਜ਼ਬਰਦਸਤ ਟਕਰਾਅ ਦੀ ਵਾਪਰੀ ਘਟਨਾ ਨੂੰ ਲੈ ਕੇ ਸਥਾਨਕ ਪੁਲੀਸ ਵੱਲੋਂ ਦੋਵਾਂ ਧਿਰਾਂ ਦੇ ਦਰਜਨਾਂ ਹੀ ਵਿਅਕਤੀਆਂ ਖਿਲਾਫ਼ ਕਤਲ, ਇਰਾਦਾ ਕਤਲ, ਹਿੰਸਾ ਭੜਕਾਉਣ ਅਤੇ ਪੁਲੀਸ ਦੀ ਡਿਊਟੀ ’ਚ ਵਿਘਨ ਪਾਉਣ ਸਮੇਤ ਹੋਰ ਦੋਸ਼ਾਂ ਤਹਿਤ ਛੇ ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ’ਚ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਬਲਜਿੰਦਰ ਸਿੰਘ ਪਰਵਾਨਾ ਅਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਮੀਤ ਪ੍ਰ੍ਰਧਾਨ ਹਰੀਸ਼ ਸਿੰਗਲਾ ਨੂੰ ਮੁੱਖ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਤਹਿਤ ਕਈਆਂ ਨੂੰ ਜੇਲ੍ਹ ਵੀ ਭੇਜਿਆ ਗਿਆ। ਹਾਲਾਂਕਿ ਮਗਰੋਂ ਪੁਲੀਸ ਵੱਲੋਂ ਜਾਂਚ ਦੇ ਹਵਾਲੇ ਨਾਲ਼ ਇੱਕ ਕੇਸ ’ਚ ਇਰਾਦਾ ਕਤਲ ਦੀ ਧਾਰਾ ਖਤਮ ਕੀਤੇ ਜਾਣ ਕਰਕੇ ਹਰੀਸ਼ ਸਿੰਗਲਾ ਨੂੰ ਤਾਂ ਕੁਝ ਹਫਤੇ ਪਹਿਲਾਂ ਜ਼ਮਾਨਤ ’ਤੇ ਰਿਹਾਈ ਮਿਲ ਗਈ ਸੀ, ਪਰ ਪਰਵਾਨਾ ਅਜੇ ਵੀ ਸਲਾਖਾਂ ਪਿੱਛੇ ਹੀ ਹੈ। ਉਂਜ ਟਕਰਾਅ ਦੀ ਇਸੇ ਹੀ ਘਟਨਾ ਸਬੰਧੀ ਕੇਸਾਂ ’ਚ ਨਾਮਜ਼ਦ ਚਾਰ ਹੋਰ ਸਿੱਖ ਕਾਰਕੁਨਾ ਦੀਆਂ ਵੀ ਅੱਜ ਅਦਾਲਤ ਨੇ ਜ਼ਮਾਨਤਾਂ ਪ੍ਰਵਾਨ ਕਰ ਲਈਆਂ ਹਨ। ਇਨ੍ਹਾਂ ਵਿੱਚ ਕੁਲਦੀਪ ਸਿੰਘ ਢੈਂਠਲ, ਸ਼ਿਵਦੇਵ ਸਿੰਘ, ਦਵਿੰਦਰ ਸਿੰਘ ਮਨੀ ਅਤੇ ਕਰਨਦੀਪ ਸਿੰਘ ਦੇ ਨਾਮ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਦੀ ਜ਼ਮਾਨਤ ਸਬੰਧੀ ਅਰਜ਼ੀ ਐਡਵੋਕੇਟ ਮਨਬੀਰ ਵਿਰਕ, ਐਡਵੋਕੇਟ ਗਜੇਂਦਰ ਬਰਾੜ ਅਤੇ ਐਡਵੋਕੇਟ ਕੁਲਜੀਤ ਸਿੰਘ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਸੁਰਿੰਦਰਪਾਲ ਕੌਰ ਦੀ ਅਦਾਲਤ ’ਚ ਦਾਇਰ ਕੀਤੀ ਗਈ ਸੀ।