ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਜੁਲਾਈ
ਪਿੰਡ ਬਰਾਸ ਦੇ ਨੌਜਵਾਨ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਬਣਾਈ ਵੀਡੀਓ ਵਿਚ ਦਿੜ੍ਹਬਾ ਦੇ ਕੁੱਝ ਵਿਅਕਤੀਆਂ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਮੌਕੇ ‘ਤੇ ਪੁੱਜੀ ਪੁਲੀਸ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਗੋਤਾਖੋਰਾਂ ਦੀ ਸਹਾਇਤਾ ਨਾਲ ਨਹਿਰ ਵਿਚੋਂ ਇਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤਕ ਸਫ਼ਲਤਾ ਨਹੀਂ ਮਿਲੀ। ਬਾਜ ਸਿੰਘ ਵਾਸੀ ਪਿੰਡ ਸੰਤਪੁਰਾ ਬਰਾਸ ਨੇ ਦੱਸਿਆ ਕਿ ਦਿੜ੍ਹਬਾ ਸ਼ਹਿਰ ਵਿਖੇ ਦੁਕਾਨ ਕਰਦਾ ਉਸ ਦਾ ਭਰਾ ਪੰਜਾਬ ਸਿੰਘ ਸਵੇਰ ਤੋਂ ਘਰੋਂ ਗ਼ਾਇਬ ਸੀ। ਉਨ੍ਹਾਂ ਨੂੰ ਉਸ ਦੇ ਮੋਬਾਈਲ ‘ਤੋਂ ਵਾਇਰਲ ਹੋਈ ਵੀਡੀਓ ’ਤੇ ਥਾਣਾ ਘੱਗਾ ਵਿਚੋਂ ਆਏ ਫ਼ੋਨ ਤੋਂ ਪਤਾ ਲੱਗਿਆ ਕਿ ਉਸ ਨੇ ਨੇ ਬੂਟਾ ਸਿੰਘ ਵਾਲਾ ਪਿੰਡ ਨੇੜੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਮੌਕੇ ‘ਤੇ ਭਰਾ ਦਾ ਮੋਟਰਸਾਈਕਲ ਤੇ ਸਾਮਾਨ ਨਹਿਰ ਕੰਡੇ ‘ਤੇ ਪਿਆ। ਉਨ੍ਹਾਂ ਦੱਸਿਆ ਕਿ ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਵਾਇਰਲ ਕੀਤੀ ਵੀਡੀਓ ਵਿਚ ਪੰਜਾਬ ਸਿੰਘ ਨੇ ਦਿੜ੍ਹਬਾ ਵਿਖੇ ਕੱਪੜੇ ਦੀ ਦੁਕਾਨ ਕਰਦੇ 2 ਵਿਅਕਤੀਆਂ ’ਤੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਬਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਗੋਤੇਖੋਰਾਂ ਨੂੰ ਬੁਲਾ ਕੇ ਨਹਿਰ ਵਿਚੋਂ ਪੰਜਾਬ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀ ਲੱਗਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਥਾਣਾ ਘੱਗਾ ਦੀ ਮੁਖੀ ਨੇਹਾ ਅਗਰਵਾਲ ਨੇ ਕਿਹਾ ਕਿ ਨਹਿਰ ਵਿਚ ਛਾਲ ਮਾਰਨ ਵਾਲੇ ਪੰਜਾਬ ਸਿੰਘ ਦੀ ਪਾਈ ਹੋਈ ਵੀਡੀਓ ਦੀ ਘੋਖ ਕੀਤੀ ਜਾ ਰਹੀ ਹੈ ਤੇ ਸਾਰੇ ਮਾਮਲੇ ਦੀ ਪੜਤਾਲ ਕਰਨ ਮਗਰੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।