ਬਹਾਦਰ ਸਿੰਘ ਮਰਦਾਂਪੁਰ
ਘਨੌਰ, 4 ਅਕਤੂਬਰ
ਦਿ ਲੈਂਡ ਮਾਰਗੇਜ ਬੈਂਕ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਦਿੱਤੇ ਗਏ ਸੱਦੇ ’ਤੇ ਘਨੌਰ ਅਤੇ ਰਾਜਪੁਰਾ ਦੇ ਲੈਂਡ ਮਾਰਗੇਜ ਬੈਂਕ (ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ) ਦੇ ਕਰਮਚਾਰੀਆਂ ਨੇ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਅਗਰਵਾਲ ਦੀ ਅਗਵਾਈ ਹੇਠ ਤਿੰਨ ਰੋਜ਼ਾ ਕਲਮਛੋੜ ਹੜਤਾਲ ਦੇ ਪਹਿਲੇ ਦਿਨ ਕਲਮਛੋੜ ਹੜਤਾਲ ਕੀਤੀ ਅਤੇ ਬੈਂਕਾਂ ਦੇ ਬਾਹਰ ਕਾਲੇ ਬਿੱਲੇ ਲਾ ਕੇ ਸਰਕਾਰ ਖਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਘਨੌਰ ਤੇ ਰਾਜਪੁਰਾ ਸਮੇਤ ਜ਼ਿਲ੍ਹੇ ਦੀਆਂ ਸਮੂਹ ਲੈਂਡ ਮਾਰਗੇਜ ਬੈਂਕ ਬ੍ਰਾਂਚਾਂ ਵਿੱਚ ਅੱਜ ਲੱਖਾਂ ਰੁਪਏ ਦਾ ਵਿੱਤੀ ਲੈਣ-ਦੇਣ ਨਹੀਂ ਹੋ ਸਕਿਆ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਅਗਰਵਾਲ ਸਮੇਤ ਹੋਰਨਾਂ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੈਂਕ ਦੀ ਐਡਵਾਂਸਮੈਂਟ ਜਾਰੀ ਕੀਤੀ ਜਾਵੇ, ਮੁਲਾਜ਼ਮਾਂ ਲਈ ਛੇਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਮੁਲਾਜ਼ਮਾਂ ਨੂੰ ਬਣਦੀਆਂ ਪ੍ਰਮੋਸ਼ਨਾਂ ਦਿੱਤੀਆਂ ਜਾਣ। ਸ੍ਰੀ ਅਗਰਵਾਲ ਨੇ ਦੱਸਿਆ ਕਿ ਯੂਨੀਅਨ ਦੇ ਇਸ ਸੂਬਾ ਪੱਧਰੀ 4, 6 ਅਤੇ 7 ਅਕਤੂਬਰ ਨੂੰ ਹੋਣ ਵਾਲੀ ਕਲਮਛੋੜ ਹੜਤਾਲ ਦੌਰਾਨ ਅੰਤਿਮ ਦਿਨ 7 ਅਕਤੂਬਰ ਨੂੰ ਸਮੂਹ ਮੁਲਾਜ਼ਮ ਬੈਂਕਾਂ ਨੂੰ ਤਾਲੇ ਲਗਾ ਕੇ ਬੈਂਕ ਦੇ ਜ਼ਿਲ੍ਹਾ ਦਫ਼ਤਰਾਂ ਅੱਗੇ ਧਰਨਾ ਦੇਣਗੇ।