ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਫਰਵਰੀ
ਹਲਕਾ ਬੰਦੀ ਤੋਂ ਬਾਅਦ ਪਟਿਆਲਾ ਦਿਹਾਤੀ ਦੀ ਇਹ ਤੀਜੀ ਚੋਣ ਹੋ ਰਹੀ ਹੈ, ਇੱਥੇ ਖ਼ਾਸ ਕਰਕੇ ਪੰਜ ਧਿਰਾਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। 2012 ਅਤੇ 2017 ਦੀਆਂ ਲਗਾਤਾਰ ਦੋ ਚੋਣਾਂ ਵਿੱਚ ਬ੍ਰਹਮ ਮਹਿੰਦਰਾ ਹੀ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰਦੇ ਆ ਰਹੇ ਹਨ। ਇਸ ਵਾਰ ਮੁਕਾਬਲਾ ਫਸਵਾਂ ਲੱਗ ਰਿਹਾ ਹੈ।
2 ਲੱਖ 19 ਹਜ਼ਾਰ ਵੋਟਾਂ ਨਾਲ ਭਰੇ ਹੋਏ ਇਸ ਹਲਕੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਹਲਕੇ ਵਿੱਚ 28 ਵਾਰਡ ਨਗਰ ਨਿਗਮ ਦੇ ਪੈਂਦੇ ਹਨ। ਇਸ ਵਾਰ ਕਾਂਗਰਸ ਵੱਲੋਂ ਚੋਣ ਬ੍ਰਹਮ ਮਹਿੰਦਰਾ ਦੀ ਥਾਂ ਟਿਕਟ ਉਨ੍ਹਾਂ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ ਦਿੱਤੀ ਗਈ ਹੈ। ਸ਼ਹਿਰੀ ਵਾਰਡਾਂ ਵਿੱਚ ਹਿੰਦੂ ਵੋਟ ਜ਼ਿਆਦਾ ਹੋਣ ਕਰਕੇ ਬ੍ਰਹਮ ਮਹਿੰਦਰਾ ਇੱਥੋਂ ਜਿੱਤ ਹਾਸਲ ਕਰਦੇ ਰਹੇ ਹਨ।
ਆਮ ਆਦਮੀ ਪਾਰਟੀ ਨੇ ਇੱਥੋਂ ਇਸ ਵਾਰ ਡਾ. ਬਲਬੀਰ ਸਿੰਘ ਨੂੰ ਟਿਕਟ ਦਿੱਤੀ ਹੈ, ਜਿਸ ਦਾ ਡਾਕਟਰੀ ਪੇਸ਼ੇ ਵਿੱਚ ਕਾਫ਼ੀ ਸਤਿਕਾਰ ਹੈ, ਕਿਸਾਨੀ ਮੋਰਚੇ ਵਿੱਚ ਉਸ ਨੇ ਲਗਾਤਾਰ ਮੈਡੀਕਲ ਕੈਂਪ ਲਗਾ ਕੇ ਕਾਫ਼ੀ ਨਾਮ ਖੱਟਿਆ ਹੈ, ਉਸ ਨੂੰ ਆਸ ਹੈ ਕਿ ਉਸ ਨੂੰ ਸਾਰੇ ਵਰਗਾਂ ਦੀ ਵੋਟ ਮਿਲੇਗੀ। ਪੰਜਾਬ ਲੋਕ ਕਾਂਗਰਸ ਵੱਲੋਂ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਸ ਨੂੰ ਆਸ ਹੈ ਕਿ ਮੇਅਰ ਹੁੰਦਿਆਂ ਹੋਇਆਂ ਉਸ ਨੇ 28 ਵਾਰਡਾਂ ਵਿੱਚ ਬਹੁਤ ਕੰਮ ਕਰਾਏ ਹਨ। ਉਨ੍ਹਾਂ ਕੰਮਾਂ ਬਦਲੇ ਉਹ ਵੋਟਾਂ ਦੀ ਮੰਗ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਜਸਪਾਲ ਸਿੰਘ ਬਿੱਟੂ ਚੱਠਾ ਨੂੰ ਪਹਿਲੀ ਵਾਰ ਉਮੀਦਵਾਰ ਬਣਾਇਆ ਹੈ, ਉਹ ਨਗਰ ਨਿਗਮ ਵਿੱਚ ਐੱਮਸੀ ਰਹਿ ਚੁੱਕੇ ਹਨ, ਸੁਰਜੀਤ ਸਿੰਘ ਰੱਖੜਾ ਦੇ ਖ਼ਾਸ ਹੋਣ ਕਰਕੇ ਇਸ ਕੋਲ ਸੁਖਬੀਰ ਬਾਦਲ ਵੀ ਕਈ ਗੇੜੇ ਮਾਰ ਗਏ ਹਨ। ਇਹ ਪੇਂਡੂ ਤੇ ਸ਼ਹਿਰੀ ਖੇਤਰ ਵਿੱਚੋਂ ਵੋਟਾਂ ਪੈਣ ਦੀ ਆਸ ਲਗਾਈਂ ਬੈਠਾ ਹੈ।
ਸੰਯੁਕਤ ਸਮਾਜ ਮੋਰਚੇ ਵੱਲੋਂ ਪ੍ਰੋ. ਧਰਮਿੰਦਰ ਸਪੋਲੀਆ ਪੀਐੱਚਡੀ ਨੂੰ ਉਮੀਦਵਾਰ ਬਣਾਇਆ ਹੈ, ਉਸ ਨੇ ਕਿਸਾਨ ਮੋਰਚੇ ਵਿੱਚ ਕਾਫ਼ੀ ਕੰਮ ਕੀਤਾ ਸੀ ਤੇ ਉਸ ਨੂੰ ਕਿਸਾਨਾਂ ਦੇ ਪੱਖ ਵਿਚ ਨਿਭਾਏ ਰੋਲ ਕਰਕੇ ਟਿਕਟ ਦਿੱਤੀ ਹੈ ਉਸ ਨੂੰ ਵੋਟਾਂ ਦੀ ਕਿਸਾਨਾਂ ਤੋਂ ਕਾਫ਼ੀ ਆਸ ਹੈ।
ਇੱਥੇ ਬੇਸ਼ੱਕ ਆਮ ਆਦਮੀ ਪਾਰਟੀ ਤੋਂ ਟਿਕਟ ਨਾ ਮਿਲਣ ਕਰਕੇ ਪਾਰਟੀ ਨਾਲ ਬਗ਼ਾਵਤ ਕਰਕੇ ਸੌਰਭ ਜੈਨ ਤੇ ਜਸਦੀਪ ਸਿੰਘ ਨੇ ਅਜ਼ਾਦ ਤੌਰ ’ਤੇ ਚੋਣ ਲੜਨ ਲਈ ਕਾਗ਼ਜ਼ ਦਾਖਲ ਕੀਤੇ ਹਨ।
2012 ਦੀਆਂ ਚੋਣਾਂ ਵਿੱਚ ਬ੍ਰਹਮ ਮਹਿੰਦਰਾ 62077 ਵੋਟਾਂ ਲੈਕੇ ਕੁਲਦੀਪ ਕੌਰ ਟੌਹੜਾ ਕੋਲੋਂ 27602 ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ ਜਦ ਕਿ 2017 ਦੀਆਂ ਚੋਣਾਂ ਵਿੱਚ ਵੀ ਬ੍ਰਹਮ ਮਹਿੰਦਰਾ 68891 ਵੋਟਾਂ ਲੈ ਕੇ ‘ਆਪ’ ਉਮੀਦਵਾਰ ਕਰਨਵੀਰ ਟਿਵਾਣਾ ਤੋਂ 27229 ਵੋਟਾਂ ਦੇ ਫਰਕ ਨਾਲ ਜਿੱਤੇ ਸਨ।