ਗੁਰਨਾਮ ਸਿੰਘ ਚੌਹਾਨ
ਪਾਤੜਾਂ, 31 ਅਗਸਤ
ਦਿੱਲੀ-ਸੰਗਰੂਰ ਕੌਮੀ ਮਾਰਗ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਸ਼ੁਤਰਾਣੇ ਅੱਡੇ ’ਤੇ ਪੀਡਬਲਿਊਡੀ ਵੱਲੋਂ ਤਿਆਰ ਕੀਤੇ ਜਾ ਰਹੇ ਪੁਲ ਦੀ ਧੀਮੀ ਰਫ਼ਤਾਰ ਤੋਂ ਆਸ-ਪਾਸ ਪਿੰਡਾਂ ਦੇ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੇਸ਼ਾਨ ਦੁਕਾਨਦਾਰਾਂ ਤੇ ਪਿੰਡਾਂ ਦੇ ਲੋਕਾਂ ਨੇ ਮਾਮਲਾ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਸੀ। ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਨਿਰਮਾਣ ਕਾਰਜ ’ਚ ਲਾਪ੍ਰਵਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦਿੱਲੀ-ਸੰਗਰੂਰ ਕੌਮੀ ਮਾਰਗ ’ਤੇ ਵਾਹਨਾਂ ਦੀ ਜ਼ਿਆਦਾ ਆਵਾਜਾਈ ਕਾਰਨ ਲੱਗਦੇ ਜਾਮ ਤੇ ਉੱਡਦੇ ਮਿੱਟੀ-ਘੱਟੇ ਤੋਂ ਪ੍ਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਪੁਲ ਦੀ ਉਸਾਰੀ ਮੌਕੇ ਸੜਕ ਦੇ ਕੰਢੇ ਡੂੰਘੇ ਟੋਏ ਪੁੱਟੇ ਹੋਏ ਹਨ, ਜਿਨ੍ਹਾਂ ਕਾਰਨ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਧਰ, ਅਸਿਸਟੈਂਟ ਇੰਜਨੀਅਰ ਵਿਕਾਸ ਬਾਤਿਸ਼ ਨੇ ਕਿਹਾ ਕਿ ਕੌਮੀ ਮੁੱਖ ਮਾਰਗ ਤੋਂ 66 ਕੇ ਵੀ ਅਤੇ ਦੋ 11 ਕੇ ਵੀ ਦੀਆਂ ਲਾਈਨਾਂ ਲੰਘਦੀਆਂ ਹਨ। ਜਿਨ੍ਹਾਂ ਨੂੰ ਹਟਵਾਉਣ ਲਈ ਕੇਂਦਰ ਨੇ ਪੈਸੇ ਪਾਸ ਕਰਨ ਵਿੱਚ ਦੇਰੀ ਕੀਤੀ ਹੈ। ਹੁਣ ਪੈਸਾ ਮਨਜ਼ੂਰ ਹੋ ਗਿਆ ਹੈ ਜਲਦੀ ਹੀ ਇਨ੍ਹਾਂ ਲਾਈਨਾਂ ਨੂੰ ਹਟਾ ਕੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ।
ਛੇ ਮਹੀਨੇ ਤੋਂ ਸੜਕਾਂ ਦਾ ਕੰਮ ਲਟਕਿਆ
ਘਨੌਰ (ਪੱਤਰ ਪ੍ਰੇਰਕ): ਪਿਛਲੀ ਕਾਂਗਰਸ ਸਰਕਾਰ ਦੇ ਅੰਤਿਮ ਦਿਨਾਂ ਦੌਰਾਨ ਇਸ ਖੇਤਰ ਦੇ ਪਿੰਡ ਭੱਟਮਾਜਰਾ ਤੋਂ ਚੱਪੜ, ਸੰਧਾਰਸੀ ਤੋਂ ਕਬੂਲਪੁਰ ਅਤੇ ਸਲੇਮਪੁਰ ਸੇਖਾਂ ਦੇ ਡੇਰਿਆਂ ਨੂੰ ਜੋੜਨ ਵਾਲੀਆਂ ਅਤੇ ਪਿੰਡ ਚੱਪੜ ਤੇ ਮਰਦਾਂਪੁਰ ਦੀਆਂ ਅਨਾਜ ਮੰਡੀਆਂ ਦੀਆਂ ਸੜਕਾਂ ਦੇ ਨਵੀਨੀਕਰਨ ਅਤੇ ਉਸਾਰੀ ਦੇ ਟੈਂਡਰ ਹੋਏ ਸਨ। ਸਬੰਧਤ ਠੇਕੇਦਾਰ ਵੱਲੋਂ ਉਕਤ ਸੜਕਾਂ ’ਤੇ ਛੇ ਮਹੀਨੇ ਪਹਿਲਾਂ ਮੋਟਾ ਗਟਕਾ (ਰੋੜਾ) ਪਾ ਕੇ ਛੱਡ ਦਿੱਤਾ ਗਿਆ ਅਤੇ ਉਕਤ ਸੜਕਾਂ ’ਤੇ ਅਜੇ ਤੱਕ ਪ੍ਰੀਮਿਕਸ ਨਹੀਂ ਪਾਈ ਗਈ। ਇਸ ਸਬੰਧੀ ਸੰਪਰਕ ਕਰਨ ’ਤੇ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਅਮਰਜੀਤ ਸਿੰਘ ਅਤੇ ਪੰਜਾਬ ਮੰਡੀ ਬੋਰਡ ਦੇ ਐੱਸਡੀਓ ਜਸਦੀਪ ਸਿੰਘ ਨੇ ਕਿਹਾ ਕਿ ਬਰਸਾਤ ਕਾਰਨ ਸਰਕਾਰ ਵੱਲੋਂ ਤਿੰਨ ਮਹੀਨੇ ਲਈ ਪ੍ਰੀਮਿਕਸ ਪਲਾਂਟ ਬੰਦ ਕੀਤੇ ਹੋਏ ਸਨ, ਜੋ ਅਕਤੂਬਰ ਮਹੀਨੇ ਸ਼ੁਰੂ ਹੋਣਗੇ, ਜਿਸ ਮਗਰੋਂ ਸੜਕਾਂ ’ਤੇ ਪ੍ਰੀਮਿਕਸ ਪਾਇਆ ਜਾਵੇਗਾ।