ਪੱਤਰ ਪ੍ਰੇਰਕ
ਦੇਵੀਗੜ੍ਹ, 4 ਦਸੰਬਰ
ਕਸਬਾ ਦੇਵੀਗੜ੍ਹ ਜਿੱਥੇ ਕਿ ਦੋ ਪਾਣੀ ਦੀਆਂ ਟੈਂਕੀਆਂ ਹੋਣ ਦੇ ਬਾਵਜੂਦ ਵੀ ਅਜੇ ਤੱਕ ਸਾਰੇ ਕਸਬਾ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਪ੍ਰਾਪਤ ਨਹੀਂ ਹੋਈ ਅਤੇ ਨਾ ਹੀ ਪਾਈਪ ਪਾਉਣ ਲਈ ਪੁੱਟੀਆਂ ਗਲੀਆਂ ਵਿੱਚ ਮੁੜ ਇੱਟਾਂ ਹੀ ਲਗਾਈਆਂ ਗਈਆਂ ਹਨ। ਇਸ ਕਰਕੇ ਕਈਆਂ ਗਲੀਆਂ ਦੇ ਨਿਵਾਸੀ ਡਾਡੇ ਪ੍ਰੇਸ਼ਾਨ ਹਨ। ਜ਼ਿਕਰਯੋਗ ਜਲ ਸਪਲਾਈ ਮਹਿਕਮੇ ਵੱਲੋਂ ਕਸਬਾ ਦੇਵੀਗੜ੍ਹ ਵਿੱਚ ਬੇਸ਼ੱਕ ਦੋ ਪਾਣੀਆ ਦੀਆਂ ਟੈਂਕੀਆਂ ਲਾਈਆਂ ਗਈਆਂ ਹਨ ਪਰ ਪਾਣੀ ਅਜੇ ਤੱਕ ਸਾਰੇ ਲੋਕਾਂ ਨੂੰ ਨਹੀਂ ਮਿਲਿਆ। ਇਸ ਤੋਂ ਇਲਾਵਾ ਜਲ ਸਪਲਾਈ ਨੇ ਕਸਬੇ ਵਿੱਚ ਤਕਰੀਬਨ ਸਾਰੀਆਂ ਗਲੀਆਂ ਵਿੱਚ ਪਾਣੀ ਵਾਲੇ ਪਾਈਪ ਪਾਏ ਸਨ ਪਰ ਗਲੀਆਂ ਦੀਆ ਜੋ ਇੱਟਾਂ ਪੁੱਟੀਆਂ ਗਈਆਂ ਸਨ ਉਹ ਮੁੜ ਨਹੀਂ ਲਗਾਈਆ ਗਈਆਂ। ਇਸ ਕਰਕੇ ਕਈ ਗਲੀਆਂ ਵਿੱਚ ਇੱਟਾਂ ਹੀ ਇੱਟਾਂ ਖਿੱਲਰੀਆਂ ਪਈਆਂ ਹਨ ਜੋ ਕਿ ਆਵਾਜਾਈ ਦੇ ਰਾਹ ਵਿੱਚ ਰੋੜਾ ਬਣੀਆਂ ਹੋਈਆਂ ਹਨ। ਇਸ ਨੂੰ ਮਹਿਕਮੇ ਵਾਲੇ ਲਗਾਉਣ ਤੋਂ ਆਨਾਕਾਨੀ ਕਰ ਰਹੇ ਹਨ। ਇਸ ਸਬੰਧੀ ਮੁਹੱਲਾ ਨਿਵਾਸੀਆਂ ਨੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਗਲੀਆਂ ਵਿੱਚ ਖਿਲਰੀਆਂ ਇੱਟਾਂ ਨੂੰ ਮੁੜ ਆਪਣੀ ਥਾਂ ਤੇ ਲਗਾਇਆ ਜਾਵੇ ਤਾਂ ਕਿ ਮੁਹੱਲਾ ਨਿਵਾਸੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਸਕੇ।