ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 29 ਦਸੰਬਰ
ਹਲਕਾ ਸਨੌਰ ਅਧੀਨ ਆਉਂਦਾ ਸੂਬੇ ਦੀ ਹੱਦ ਨੇੜਲਾ ਪਿੰਡ ਨੌਗਾਵਾਂ ਅਜੇ ਵੀ ਨਵੀਂ ਸੜਕ ਨੂੰ ਬਣਨਾ ਤਰਸ ਰਿਹਾ ਹੈ। ਪਿੰਡ ਨੌਗਾਵਾਂ ਤੋਂ ਬਲਬੇੜਾ ਤੱਕ 7 ਕਿਲੋਮੀਟਰ ਸੜਕ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਣਾਉਣ ਲਈ ਮਹਿਕਮਾ ਮੰਡੀ ਬੋਰਡ ਨੇ ਪਹਿਲ ਤਾਂ ਕੀਤੀ ਪਰ ਸਬੰਧਤ ਠੇਕੇਦਾਰ ਵੱਲੋਂ ਇਸ ਸੜਕ ਨੂੰ ਬਣਾਉਣ ਦਾ ਕੰਮ ਬਹੁਤ ਸੁਸਤ ਰਫ਼ਤਾਰ ਨਾਲ ਕੀਤਾ ਜਾ ਰਿਹਾ ਹੈ। ਇਸ ਸੜਕ ਉਪਰ ਅਜੇ ਤੱਕ ਪੂਰਾ ਪੱਥਰ ਵੀ ਨਹੀਂ ਸੁੱਟਿਆ ਗਿਆ, ਜੋ ਪੱਥਰ ਸੁੱਟਿਆ ਵੀ ਗਿਆ ਹੈ ਉਸ ਨੂੰ ਅਜੇ ਤੱਕ ਪੂਰੀ ਸੜਕ ’ਤੇ ਖਿਲਾਰਿਆ ਨਹੀਂ ਗਿਆ। ਜਿਸ ਕਾਰਨ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜੋ ਪੱਥਰ ਸੜਕ ’ਤੇ ਸੁੱਟਿਆ ਗਿਆ ਹੈ ਉਹ ਖਿੱਲਰ ਕੇ ਸਾਰੀ ਸੜਕ ’ਤੇ ਫੈਲ ਗਿਆ ਹੈ। ਜਿਸ ਕਾਰਨ ਗੱਡੀਆਂ, ਵਿਦਿਆਰਥੀਆਂ ਅਤੇ ਮੋਟਰਸਾਈਕਲਾਂ ਦਾ ਇਥੇ ਚੱਲਣਾ ਮੁਸ਼ਕਿਲ ਹੋ ਗਿਆ ਹੈ। ਇਨ੍ਹਾਂ ਪਿੰਡਾਂ ਦੇ ਵਿਅਕਤੀਆਂ ਜਰਨੈਲ ਸਿੰਘ ਨੰਬਰਦਾਰ, ਸਤਪਾਲ ਰਾਮ, ਕਾਲਾ ਰਾਮ, ਜਰਨੈਲ ਸਿੰਘ ਆਦਿ ਦਾ ਕਹਿਣਾ ਹੈ ਕਿ ਜੇ ਦੋ ਮਹੀਨਿਆਂ ਵਿੱਚ ਸੜਕ ’ਤੇ ਪੂਰਾ ਪੱਥਰ ਵੀ ਨਹੀਂ ਪੈ ਸਕਿਆ ਤਾਂ ਇਹ ਸੜਕ ਬਣੇਗੀ ਕਦੋਂ। ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਦੋ ਦਿਨ ਤੱਕ ਕੰਮ ਵਿੱਚ ਤੇਜ਼ੀ ਨਾ ਆਈ ਤਾਂ ਸੜਕ ’ਤੇ ਜਾਮ ਲਾਇਆ ਜਾਵੇਗਾ। ਇਸ ਸਬੰਧੀ ਜਦੋਂ ਮੰਡੀ ਬੋਰਡ ਦੇ ਸਬੰਧਤ ਜੇ.ਈ. ਬਲਵੰਤ ਸਿੰਘ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਸੜਕ ਨੂੰ ਨਵੀਂ ਬਣਾਉਣ ਦੇ ਚੱਲ ਰਹੇ ਸੁਸਤ ਰਫਤਾਰ ਕੰਮ ਨੂੰ ਤੇਜ਼ ਕਰਨ ਲਈ ਸਬੰਧਤ ਠੇਕੇਦਾਰ ਨੂੰ ਕਿਹਾ ਜਾਵੇਗਾ ਤਾਂ ਕਿ ਇਲਾਕਾ ਵਾਸੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।