ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਮਈ
ਪਟਿਆਲਾ ਸ਼ਹਿਰ ਅਤੇ ਇਲਾਕੇ ਭਰ ’ਚ ਜਿਥੇ ਲੰਘੀ ਰਾਤ ਮੀਂਹ ਤੇ ਗੜੇਮਾਰੀ ਸਮੇਤ ਝੱਖੜ ਵੀ ਚੱਲਿਆ, ਉਥੇ ਹੀ ਸੋਮਵਾਰ ਸ਼ਾਮ ਨੂੰ ਵੀ ਤੇਜ਼ ਬਾਰਸ਼ ਅਤੇ ਹਨੇਰੀ ਵੀ ਆਈ। ਇਸ ਨਾਲ ਭਾਵੇਂ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ, ਪਰ ਸ਼ਾਹੀ ਸ਼ਹਿਰ ਦੀਆਂ ਅਨੇਕਾਂ ਹੀ ਨੀਵੀਂਆਂ ਥਾਵਾਂ ’ਤੇ ਪਾਣੀ ਭਰ ਜਾਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ।
ਮੇਅਰ ਸੰਜੀਵ ਬਿੱਟੂ ਦੇ ਯਤਨਾਂ ਸਦਕਾ ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚੋਂ ਬਰਸਾਤੀ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਲਈ ਕੀਤੇ ਗਏ ਖਰਚ ਤਹਿਤ ਪਿਛਲੇ ਸਾਲਾਂ ਦੇ ਮੁਕਾਬਲੇ ਐਂਤਕੀ ਬਰਸਾਤੀ ਪਾਣੀ ਦੀ ਨਿਕਾਸੀ ਦੀ ਬਹੁਤੀ ਸਮੱਸਿਆ ਤਾਂ ਨਹੀਂ ਆਈ, ਪਰ ਇਹ ਸ਼ਾਹੀ ਸ਼ਹਿਰ ਵਧੇਰੇ ਪੁਰਾਣਾ ਹੋਣ ਕਰਕੇ ਇਸ ਦੀ ਬਣਤਰ ਇਸ ਤਰ੍ਹਾਂ ਹੈ ਕਿ ਇਸ ਸਮੱਸਿਆ ਤੋਂ ਸ਼ਹਿਰ ਵਾਸੀਆਂ ਦਾ ਛੇਤੀ ਕੀਤਿਆਂ ਖਹਿੜਾ ਨਹੀਂ ਛੁਟਣ ਵਾਲਾ। ਜ਼ਿਕਰਯੋਗ ਹੈ ਕਿ ਮੇਅਰ ਨੇ ਕੁਝ ਸਮਾਂ ਪਹਿਲਾਂ ਹੀ ਮੀਟਿੰਗ ਕਰਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪੋ-ਆਪਣੇ ਇਲਾਕੇ ’ਚ ਸਾਫ਼ ਸਫਾਈ ਕਰਕੇ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇ ਕਿਸੇ ਖੇਤਰ ’ਚ ਪਾਣੀ ਖੜ੍ਹਾ ਰਿਹਾ, ਤਾਂ ਇਸ ਦਾ ਜ਼ਿੰਮੇਵਾਰ ਸਬੰਧਤ ਅਧਿਕਾਰੀ ਹੀ ਹੋਵੇਗਾ ਜਿਸ ਦੇ ਚੱਲਦਿਆਂ ਅੱਜ ਬਰਸਾਤ ਦੌਰਾਨ ਵੀ ਨਿਗਮ ਦੇ ਅਧਿਕਾਰੀ ਅਤੇ ਮੁਲਾਜ਼ਮ ਸਰਗਰਮ ਦਿਖਾਈ ਦਿੱਤੇ। ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਅਨੇਕਾਂ ਥਾਵਾਂ ’ਤੇ ਪਾਣੀ ਭਰਨੋਂ ਨਾ ਰੋਕਿਆ ਜਾ ਸਕਿਆ। ਇਥੋਂ ਤੱਕ ਕਿ ਕਈ ਪ੍ਰਮੁੱਖ ਸੜਕਾਂ ’ਤੇ ਵੀ ਪਾਣੀ ਭਰਿਆ ਰਿਹਾ। ਰਾਤ ਪਏ ਮੀਂਹ ਦਾ ਪਾਣੀ ਅੱਜ ਸ਼ਾਮ ਤੱਕ ਵੀ ਖੜ੍ਹਾ ਸੀ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਅੱਜ ਸਵੇਰੇ ਹੋਈ ਤੇਜ਼ ਬਾਰਸ਼ ਕਾਰਨ ਲੋਕਾਂ ਨੂੰ ਜੇਠ ਮਹੀਨੇ ’ਚ ਤਪਦੀਆਂ ਧੁੱਪਾਂ ਅਤੇ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ ਹੈ। ਪਿਛਲੇ ਇੱਕ ਹਫ਼ਤੇ ਤੋਂ ਕਹਿਰ ਦੀ ਗਰਮੀ ਪੈ ਰਹੀ ਹੈ ਅਤੇ ਤਾਪਮਾਨ ਲਗਾਤਾਰ ਵਧ ਰਿਹਾ ਸੀ ਪ੍ਰੰਤੂ ਅੱਜ ਤੜਕੇ ਹੋਈ ਬਾਰਸ਼ ਕਾਰਨ ਮੌਸਮ ’ਚ ਤਬਦੀਲੀ ਆਈ ਹੈ। ਅੱਜ ਦਿਨ ਵੇਲੇ ਮੌਸਮ ਭਾਵੇਂ ਖੁਸ਼ਕ ਰਿਹਾ ਪਰੰਤੂ ਹੋਈ ਬਾਰਸ਼ ਕਾਰਨ ਠੰਢੀਆਂ ਹਵਾਵਾਂ ਵਗਦੀਆਂ ਰਹੀਆਂ। ਸ਼ਾਮ ਵੇਲੇ ਫ਼ਿਰ ਅਚਾਨਕ ਮੌਸਮ ਉਦੋਂ ਸੁਹਾਵਣਾ ਹੋ ਗਿਆ ਜਦੋਂ ਕਿ ਆਸਮਾਨ ਵਿਚ ਛਾਈਆਂ ਕਾਲੀਆਂ ਘਟਾਵਾਂ ਅਤੇ ਠੰਢੀਆਂ ਤੇਜ਼ ਹਵਾਵਾਂ ਵਗਣ ਲੱਗੀਆਂ ਅਤੇ ਕਿਣ-ਮਿਣ ਸ਼ੁਰੂ ਹੋ ਗਈ।
ਜੇਠ ਮਹੀਨੇ ਦੇ ਪਹਿਲੇ ਅੱਠ ਦਿਨਾਂ ਦੌਰਾਨ ਕਹਿਰ ਦੀ ਗਰਮੀ ਪੈ ਰਹੀ ਸੀ। ਤੇਜ਼ ਧੁੱਪ ਕਾਰਨ ਸਿਖ਼ਰ ਦੁਪਹਿਰੇ ਗਰਮ ਹਵਾਵਾਂ ਵਗ ਰਹੀਆਂ ਸਨ ਜਿਸ ਕਾਰਨ ਲੋਕ ਬਿਨਾਂ ਕੰਮ ਤੋਂ ਘਰੋਂ ਬਾਹਰ ਨਿਕਲਣ ਤੋਂ ਬਚਦੇ ਸੀ। ਕਹਿਰ ਦੀ ਗਰਮੀ ਕਾਰਨ ਜਿਥੇ ਆਮ ਲੋਕ ਬੇਹੱਦ ਪ੍ਰੇਸ਼ਾਨ ਸਨ ਉਥੇ ਪਸ਼ੂ-ਪੰਛੀ ਵੀ ਹਾਲੋਂ ਬੇਹਾਲ ਸੀ। ਇਨ੍ਹਾਂ ਦਿਨਾਂ ਦੌਰਾਨ ਤਾਪਮਾਨ 45 ਡਿਗਰੀ ਤੱਕ ਜਾ ਪੁੱਜਿਆ ਸੀ ਜਿਸ ਤੋਂ ਜੇਠ ਮਹੀਨੇ ਦੇ ਪੂਰਾ ਤਪਣ ਦੇ ਆਸਾਰ ਜਾਪ ਰਹੇ ਸਨ ਪਰੰਤੂ ਇਸ ਇਲਾਕੇ ਵਿਚ ਅੱਜ ਅੰਮ੍ਰਿਤ ਵੇਲੇ ਕੁਝ ਸਮੇਂ ਲਈ ਹੋਈ ਤੇਜ਼ ਬਾਰਸ਼ ਅਤੇ ਆਸਮਾਨ ਵਿਚ ਛਾਏ ਕਾਲੇ ਬੱਦਲਾਂ ਅਤੇ ਵਗੀਆਂ ਠੰਢੀਆਂ ਹਵਾਵਾਂ ਕਾਰਨ ਮੌਸਮ ਨੇ ਵੱਡੀ ਕਰਵਟ ਲਈ ਹੈ। ਤੇਜ਼ ਬਾਰਸ਼ ਕਾਰਨ ਅੱਜ ਸਾਰਾ ਦਿਨ ਮੌਸਮ ਠੰਢਾ ਰਿਹਾ। ਭਾਵੇਂ ਦਿਨ ਵੇਲੇ ਮੌਸਮ ਖੁਸ਼ਕ ਰਿਹਾ ਪਰੰਤੂ ਠੰਢੀਆਂ ਹਵਾਵਾਂ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਅੱਜ ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਿਹਾ। ਸ਼ਾਮ ਨੂੰ ਮੁੜ ਆਸਮਾਨ ਵਿਚ ਕਾਲੀਆਂ ਘਟਾਵਾਂ ਚੜ੍ਹ ਆਈਆਂ ਅਤੇ ਕਿਣ-ਮਿਣ ਹੋਣ ਲੱਗੀ ਅਤੇ ਠੰਢੀਆਂ ਤੇਜ਼ ਹਵਾਵਾਂ ਕਾਰਨ ਸ਼ਾਮ ਨੂੰ ਮੌਸਮ ’ਚ ਮੁੜ ਠੰਢਕ ਪੈਦਾ ਹੋ ਗਈ। ਮੌਸਮ ਠੰਢਾ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।
ਉਧਰ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਮੌਸਮ ਵਿਚ ਆਈ ਤਬਦੀਲੀ ਕਾਰਨ ਕਿਸਾਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ 25 ਮਈ ਤੱਕ ਝੋਨੇ ਦੀ ਸਿੱਧੀ ਬਿਜਾਈ ਨਾ ਕਰਨ।
ਤੇਜ਼ ਹਨੇਰੀ ਕਾਰਨ ਦਰੱਖਤ ਡਿੱਗਿਆ, ਬਿਰਧ ਔਰਤ ਦੀ ਹੇਠਾਂ ਆਉਣ ਕਾਰਨ ਮੌਤ
ਦੇਵੀਗੜ੍ਹ (ਪੱਤਰ ਪ੍ਰੇਰਕ): ਪੁਲੀਸ ਚੌਕੀ ਰੌਹੜ ਜਾਗੀਰ ਅਧੀਨ ਪਿੰਡ ਦੁੂਧਨਸਾਧਾਂ ਵਿਖੇ ਅੱਜ ਸਵੇਰੇ ਇੱਕ ਬਜ਼ੁਰਗ ਔਰਤ ਜੋ ਕਿ ਪੈਦਲ ਜਾ ਰਹੀ ਸੀ, ਉਸ ਉਪਰ ਤੇਜ਼ ਹਨੇਰੀ ਨਾਲ ਦਰੱਖਤ ਡਿੱਗ ਗਿਆ, ਜਿਸ ਦੀ ਉਸ ਦਰੱਖਤ ਦੇ ਥੱਲੇ ਆ ਕੇ ਮੌਤ ਹੋ ਗਈ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਔਰਤ ਜਿਸ ਦਾ ਨਾਂ ਕ੍ਰਿਸ਼ਨਾ ਦੇਵੀ ਉਮਰ ਕਰੀਬ 70 ਸਾਲ ਪਤਨੀ ਉਜਾਗਰ ਸਿੰਘ ਵਾਸੀ ਪਿੰਡ ਨੂਰਪੁਰ ਫਰਾਂਸਵਾਲੀ ਸੀ। ਇਹ ਔਰਤ ਪਿੰਡ ਦੁੂਧਨਸਾਧਾਂ ਬੱਸ ਅੱਡੇ ’ਤੇ ਬੱਸ ਤੋਂ ਉੱਤਰ ਕੇ ਸਵੇਰੇ 8 ਕੁ ਵਜੇ ਆਪਣੇ ਪਿੰਡ ਨੂਰਪੁਰ ਫਰਾਂਸਵਾਲਾ ਨੂੰ ਜਾ ਰਹੀ ਸੀ । ਉਸ ਸਮੇਂ ਤੇਜ਼ ਹਨੇਰੀ ਚੱਲ ਰਹੀ ਸੀ ਤਾਂ ਇੱਕ ਵੱਡਾ ਦਰੱਖਤ ਹਨੇਰੀ ਨਾਲ ਟੁੱਟ ਕੇ ਉਸ ਔਰਤ ਦੇ ਉੱਪਰ ਆ ਡਿੱਗਿਆ, ਜਿਸ ਕਾਰਨ ਇਸ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਇਸ ਔਰਤ ਕੋਲ ਤਿੰਨ ਲੜਕੇ ਅਤੇ ਇੱਕ ਲੜਕੀ ਹੈ। ਪੁਲੀਸ ਚੌਕੀ ਰੌਹੜ ਜਗੀਰ ਦੀ ਪੁਲੀਸ ਨੇ ਇਸ ਸਬੰਧੀ ਬਣਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਤੇਜ਼ ਹਵਾਵਾਂ ਕਾਰਨ ਇਲਾਕੇ ’ਚ ਕਈ ਘੰਟੇ ਗੁੱਲ ਰਹੀ ਬੱਤੀ
ਡਕਾਲਾ (ਮਾਨਵਜੋਤ ਭਿੰਡਰ): ਲੰਘੀ ਅੱਧੀ ਰਾਤ ਮਗਰੋਂ ਇਲਾਕੇ ‘ਚ ਹਲਕੀ ਬਾਰਸ਼ ਪੈਣ ਨਾਲ ਜਿਥੇ ਮੌਸਮ ਠੰਢਾ ਹੋ ਗਿਆ ਹੈ ਉਥੇ ਲਗਾਤਾਰ ਪੈ ਰਹੀ ਗਰਮੀ ਤੋਂ ਤਪੇ ਖੇਤਾਂ ਨੂੰ ਵੀ ਰਾਹਤ ਮਿਲੀ ਹੈ| ਤੇਜ਼ ਹਵਾਵਾਂ ਕਾਰਨ ਇਲਾਕੇ ਦੇ ਕਈ ਪਿੰਡਾਂ ‘ਚ ਘੰਟਿਆਂ ਬੱਧੀ ਬਿਜਲੀ ਸਪਲਾਈ ਦੇ ਠੱਪ ਰਹਿਣ ਦੀ ਵੀ ਇਤਲਾਹ ਮਿਲੀ ਹੈ| ਬਿਜਲੀ ਮਹਿਕਮੇ ਦੇ ਕਰਮਚਾਰੀਆਂ ਸਪਲਾਈ ਦੇ ਨੁਕਸਾਂ ਨੂੰ ਪੜਾਅਵਾਰ ਠੀਕ ਕਰ ਰਹੇ ਦੱਸੇ ਜਾਂਦੇ ਹਨ| ਦਿਨ ਭਰ ਵੀ ਮੌਸਮ ਖੁਸ਼ਗਵਾਰ ਬਣਿਆ ਰਿਹਾ ਤੇ ਠੰਢੀਆਂ ਹਵਾਵਾਂ ਦੇ ਬੁਲਿਆਂ ਤੋਂ ਲੋਕਾਂ ਨੇ ਗਰਮੀ ਤੋਂ ਵੱਡੀ ਰਾਹਤ ਮਹਿਸੂਸ ਕੀਤੀ| ਹਲਕੇ ਮੀਂਹ ਤੋਂ ਕਿਸਾਨੀ ਇਸ ਗੱਲੋਂ ਖੁਸ਼ ਜਾਪੀ ਕਿ ਸਬਜ਼ੀ ਤੇ ਪੱਠਿਆਂ ਦੇ ਔੜ ਭਰੇ ਖੇਤਾਂ ਨੂੰ ਕੁਝ ਰਾਹਤ ਮਿਲੀ ਹੈ| ਕਈ ਇਲਾਕਿਆਂ ‘ਚ ਕਣੀਆਂ ਜ਼ਿਆਦਾ ਪੈਣ ਦੀ ਵਜ੍ਹਾ ਜ਼ਮੀਨ ਵੱਤ ’ਚ ਬਣਨ ਕਾਰਨ ਵਾਹੀਯੋਗ ਵੀ ਹੋ ਗਈ ਦੱਸੀ ਜਾਂਦੀ ਹੈ|