ਖੇਤਰੀ ਪ੍ਰਤੀਨਿਧ
ਪਟਿਆਲਾ, 14 ਨਵੰਬਰ
ਇਥੋਂ ਦੇ ਘੁੰਮਣ ਨਗਰ/ਅਜ਼ਾਦ ਨਗਰ ਵਿੱਚ ਪੰਜ ਸਾਲਾਂ ਤੋਂ ਪਾਰਕ ਨਾ ਬਣਾਏ ਜਾਣ ਦੇ ਰੋਸ ਵਜੋਂ ਪਾਰਕ ਬਚਾਓ ਕਮੇਟੀ ਅਤੇ ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਪੁਤਲਾ ਚੋਰਾਹੇ ਟੰਗ ਕੇ ਪ੍ਰਦਰਸ਼ਨ ਕੀਤਾ। ਪੁਤਲੇ ’ਤੇ ਬਾਕਾਇਦਾ ਲਿਖਿਆ ਗਿਆ ਹੈ ਕਿ ‘‘ਪਾਰਕ ਬਣਾਉ, ਚੰਨੀ ਲੈ ਜਾਓ’’। 25 ਨਵੰਬਰ ਤੱਕ ਪਾਰਕ ਦਾ ਕੰਮ ਸ਼ੁਰੂ ਨਾ ਕਰਨ ਦੀ ਸੂਰਤ ਵਿਚ ਇਲਾਕਾ ਵਾਸੀਆਂ ਨੇ ਚੋਣਾਂ ਦੇ ਬਾਈਕਾਟ ਦੀ ਧਮਕੀ ਵੀ ਦਿੱਤੀ।ਇਸ ਮੌਕੇ ’ਤੇ ਪ੍ਰਭਜੀਤਪਾਲ ਸਿੰਘ ਨੇ ਕਿਹਾ ਕਿ 5 ਸਾਲ ਤੋਂ ਪਾਰਕ ਬਣਾਉਣ ਦੇ ਸਰਕਾਰੀ ਲਾਰੇ ਲਾਏ ਜਾ ਰਹੇ ਹਨ ਜਿਸ ਦੇ ਰੋਸ ਵਜੋਂ ਇਲਾਕਾ ਵਾਸੀਆਂ ਨੇ 31 ਅਕਤੂਬਰ ਨੂੰ ਹਲਕਾ ਵਿਧਾਇਕ ਬ੍ਰਹਮ ਮਹਿੰਦਰਾ ਦੇ ਖਿਲਾਫ਼ ਵੀ ਪ੍ਰਦਰਸ਼ਨ ਕੀਤਾ ਸੀ। ਇਸ ਮੌਕੇ ਇਕੱਤਰ ਹੋਏ ਲੋਕਾਂ ’ਚ ਪਾਰਕ ਬਚਾਓ ਕਮੇਟੀ ਦੇ ਮੈਂਬਰਾਂ ਸਮੇਤ ਘੁੰਮਣ ਨਗਰ, ਅਜ਼ਾਦ ਨਗਰ, ਗਰੀਨ ਪਾਰਕ ਕਲੋਨੀ, ਇੰਦਰਾ ਪੁਰੀ ਕਲੋਨੀ ਤੋਂ ਵੀ ਨੁਮਾਇੰਦੇ ਮੌਜੂਦ ਸਨ।