ਪੱਤਰ ਪ੍ਰੇਰਕ
ਦੇਵੀਗੜ੍ਹ, 3 ਅਗਸਤ
ਹਲਕਾ ਸਨੌਰ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਨਿਆਮਤਪੁਰ ਦੀ 16 ਏਕੜ ਜ਼ਮੀਨ ਦੀ ਪ੍ਰਸ਼ਾਸਨ ਵੱਲੋਂ ਬੋਲੀ ਕਰਵਾਉਣ ਵਿਰੁੱਧ ਪਿੰਡ ਦੀ ਪੰਚਾਇਤ ਅਤੇ ਲੋਕ ਇਕੱਠੇ ਹੋ ਗਏ ਹਨ। ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਵਿੱਚ ਪੰਚਾਇਤ ਵਿਭਾਗ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਪੰਚਾਇਤਾਂ ਦੀਆਂ ਜ਼ਮੀਨਾਂ ਛੁਡਾ ਰਹੀ ਹੈ ਅਤੇ ਦੂਜੇ ਪਾਸੇ ਜਬਰੀ ਆਪਣੇ ਚਹੇਤਿਆਂ ਨੂੰ ਜ਼ਮੀਨਾਂ ਦਾ ਕਬਜ਼ਾ ਦੁਆ ਰਹੀ ਹੈ। ਪਿੰਡ ਦੇ ਸਰਪੰਚ ਨਿਸ਼ਾਨ ਸਿੰਘ ਅਤੇ ਪੰਚ ਸੱਜਣ ਸਿੰਘ ਨੇ ਕਿਹਾ ਹੈ ਕਿ ਪਿੰਡ ਦੇ ਲੋਕ ਚਾਹੁੰਦੇ ਹਨ ਕਿ ਪਿੰਡ ਦੇ ਲੋੜਵੰਦਾਂ ਨੂੰ ਹੀ ਜ਼ਮੀਨ ਮਿਲੇ ਪਰ ਮਹਿਕਮਾ ਕਿਸੇ ਹੋਰ ਨੂੰ ਜ਼ਮੀਨ ਦੇਣਾ ਚਾਹੁੰਦਾ ਹੈ। ਇਸ ਸਬੰਧੀ ਪੰਚਾਇਤ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਬੀਡੀਪੀਓ ਪਿੰਡ ’ਚ ਬੋਲੀ ਕਰਨ ਗਏ ਸਨ ਪਰ ਪਿੰਡ ਵਾਲਿਆਂ ਨੇ ਕਿਹਾ ਕਿ ਉਹ ਬਾਹਰਲੇ ਪਿੰਡ ਦੇ ਕਿਸੇ ਵਿਅਕਤੀ ਨੂੰ ਜ਼ਮੀਨ ਬੋਲੀ ’ਤੇ ਨਹੀਂ ਲੈਣ ਦੇਣਗੇ। ਉਨ੍ਹਾਂ ਕਿਹਾ ਕਿ ਮਹਿਕਮਾ ਖੁੱਲ੍ਹੀ ਬੋਲੀ ਕਰਨਾ ਚਾਹੁੰਦਾ ਹੈ।