ਅਸ਼ਵਨੀ ਗਰਗ
ਸਮਾਣਾ, 20 ਜੁਲਾਈ
ਸਮਾਣਾ-ਚੀਕਾ ਰੋਡ ਦੀ ਖ਼ਸਤਾ ਹਾਲਤ ਤੋਂ ਅੱਕੇ ਪਿੰਡ ਅਜੀਮਗੜ੍ਹ ਅਤੇ ਮਹਿਮੂਦਪੁਰ ਵਾਸੀਆਂ ਨੇ ਅੱਜ ਸੜਕ ਵਿਚਲੇ ਟੋਇਆ ਵਿੱਚ ਭਰੇ ਬਰਸਾਤੀ ਪਾਣੀ ਵਿੱਚ ਝੋਨਾ ਲਾ ਕੇ ਰੋਸ ਜ਼ਾਹਿਰ ਕੀਤਾ। ਪਿੰਡ ਵਾਸੀ ਤੇ ਆਮ ਆਦਮੀ ਪਾਰਟੀ ਦੇ ਆਗੂ ਗਿੱਲ ਜਗਤਾਰ, ਪਿੰਡ ਅਜੀਮਗੜ੍ਹ ਦੇ ਸਾਬਕਾ ਸਰਪੰਚ ਰਣਜੀਤ ਸਿੰਘ, ਜੋਧਾ ਸਰਪੰਚ, ਮਾਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਗਿੱਲ, ਧਿਆਨ ਸਿੰਘ , ਬਿਕਰ ਗੜ੍ਹੀ ਨਜੀਰ ਆਦਿ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਹੋਣ ਦਾ ਉਹ ਸੰਤਾਪ ਭੁਗਤ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ ਵੱਲ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਹਰਿਆਣਾ ਸਰਕਾਰ ਧਿਆਨ ਦਿੰਦੀ ਹੈ। ਦਹਾਕਿਆ ਤੋਂ ਇਸ ਦੀ ਹਾਲਤ ਬਹੁਤ ਮਾੜੀ ਹੈ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਹ ਸੈਂਕੜੇ ਵਾਰ ਅਧਿਕਾਰੀਆਂ ਅਤੇ ਸਿਆਸੀ ਆਗੂਆ ਨੂੰ ਆਪਣਾ ਦਰਦ ਸੁਣਾ ਚੁੱਕੇ ਹਨ ਪ੍ਰੰਤੂ ਕਿਸੇ ਨੇ ਵੀ ਅੱਜ ਤੱਕ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਨਹੀਂ ਸਮਝਿਆ।
ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਵਿਚ ਤਾਂ ਇਹ ਸੜਕ ’ਤੇ ਲੰਘਣਾ ਮੁਸ਼ਕਲ ਹੋ ਜਾਦਾ ਹੈ। ਸੜਕ ’ਤੇ ਪਏ ਵੱਡੇ ਵੱਡੇ ਟੋਇਆਂ ਵਿੱਚ ਪਾਣੀ ਭਰਨ ਕਾਰਨ ਇਹ ਸੜਕ ਜਾਨ ਦਾ ਖੌਅ ਬਣ ਜਾਂਦੀ ਹੈ। ਇਸ ਸਰਕਾਰ ’ਤੇ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ ਤੇ ਕਹੀ ਕੀਮਤਾਂ ਜਾਨਾਂ ਜਾ ਚੁੱਕੀਆ ਹਨ ਤੇ ਸੈਂਕੜੇ ਲੋਕ ਜ਼ਖ਼ਮੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵੱਲੋਂ ਵੱਡੇ ਵੱਡੇ ਐਕਪ੍ਰੈਸਵੇਅ ਤੇ ਚੌੜੀਆਂ ਸੜਕਾਂ ਬਣਾਉਣ ਦੇ ਐਲਾਨ ਕੀਤੇ ਜਾਂਦੇ ਹਨ ਪਰ ਦੂਜੇ ਪਾਸੇ ਦੋ ਸੂਬਿਆਂ ਦੀ ਸਰਹੱਦ ਨੂੰ ਜੋੜਨ ਵਾਲੀ ਇਸ ਸੜਕ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੰਦਾ। ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਦਾ ਨਿਰਮਾਣ ਛੇਤੀ ਕਰਵਾਇਆ ਜਾਵੇ।
ਓਵਰਬ੍ਰਿਜ ਵਿੱਚ ਪਿਆ ਪਾੜ ਬਣਿਆ ਜਾਨ ਦਾ ਖੌਅ
ਰਾਜਪੁਰਾ (ਪੱਤਰ ਪ੍ਰੇਰਕ): ਇਥੋਂ ਗੁਜ਼ਰਦੇ ਅੰਮ੍ਰਿਤਸਰ-ਦਿੱਲੀ ਸ਼ਾਹਰਾਹ ’ਤੇ ਪਿੰਡ ਚਮਾਰੂ ਨੇੜਲੇ ਓਵਰਬ੍ਰਿਜ ਵਿੱਚ ਪਏ ਪਾੜ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਜਾਣਕਾਰੀ ਅਨੁਸਾਰ ਇਸ ਛੇ ਮਾਰਗੀ ਸੜਕ ’ਤੇ ਉਕਤ ਓਵਰਬ੍ਰਿਜ ’ਤੇ ਆਉਣ ਤੇ ਜਾਣ ਵਾਲੀਆਂ ਦੋਵੇਂ ਪਾਸੇ ਦੀਆਂ ਸੜਕਾਂ ਵਿੱਚ ਕਈ ਕਈ ਫੁੱਟ ਡੂੰਘੇ ਪਾੜ ਹਨ ਜਿਸ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੇੈ। ਰਾਹਗੀਰਾਂ ਅਨੁਸਾਰ ਪਹਿਲਾਂ ਉਕਤ ਓਵਰਬ੍ਰਿਜ ’ਤੇ ਰਾਜਪੁਰਾ ਵੱਲ ਨੂੰ ਜਾਣ ਵਾਲੀ ਸੜਕ ਵਿਚਾਲੇ ਕੁਝ ਦਿਨ ਪਹਿਲਾਂ ਇੱਕ ਟੋਇਆ ਬਣਿਆ ਸੀ। ਜਿਸ ਦੀ ਮੁਰੰਮਤ ਲਈ ਅਧਿਕਾਰੀਆਂ ਨੇ ਇਸ ਓਵਰਬ੍ਰਿਜ ’ਤੇ ਇੱਕ ਹਫਤੇ ਆਵਾਜਾਈ ਬੰਦ ਰੱਖੀ। ਪ੍ਰੰਤੂ ਹੁਣ ਕੁਝ ਦਿਨਾਂ ਤੋਂ ਓਵਰਬ੍ਰਿਜ ਦੇ ਦੋਵੇਂ ਪਾਸੇ ਕਈ ਕਈ ਫੁੱਟ ਦੇ ਪਾੜ ਪੈ ਗਏ ਹਨ। ਲੋਕਾਂ ਨੇ ਇਹ ਪਾੜ ਪੁੂਰਨ ਦੀ ਮੰਗ ਕੀਤੀ ਹੈ।