ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਫਰਵਰੀ
ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਤਾਜ਼ਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਉੱਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਚੋਣਾਂ ’ਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ ਤੋਂ ਸਪੱਸ਼ਟ ਹੈ ਕਿ ਲੋਕਾਂ ਨੇ ਕੈਪਟਨ ਸਰਕਾਰ ਦੀਆਂ ਲੋਕ ਅਤੇ ਵਿਕਾਸ ਪੱਖੀ ਨੀਤੀਆਂ ’ਤੇ ਮੋਹਰ ਲਾਈ ਹੈ। ਅੱਜ ਇਥੇ ਆਪਣੇ ਵਿਧਾਨ ਸਭਾ ਹਲਕੇ (ਪਟਿਆਲਾ ਦਿਹਾਤੀ) ਦੇ ਵੱਖ ਵੱੱਖ ਪਿੰਡਾਂ ਦਾ ਦੌਰਾ ਕਰਨ ਮਗਰੋਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਸਿੱਧੂਵਾਲ ’ਚ ਇੱਕ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਮੁੜ ਪੰਜਾਬ ਦੀ ਮੁੱਖ ਰਾਜਸੀ ਧਿਰ ਵਜੋਂ ਉਭਰ ਕੇ ਸਾਹਮਣੇ ਆਈ ਹੈ। ਇਸ ਮੌਕੇ ਮਦਨ ਭਾਰਦਵਾਜ ਆਲੋਵਾਲ, ਰੋਮੀ ਸਿੰਭੜੋ, ਸੁੱਖਾ ਸਰਪੰਚ ਫੱਗਣਮਾਜਰਾ, ਰਾਮ ਸਿੰਘ ਚਲੈਲਾ, ਗੁਰਦੀਪ ਲੰਗ, ਜਸਪਾਲ ਸਿੰਘ ਸਰਪੰਚ ਫਰੀਦਪੁਰ, ਅਮਨਦੀਪ ਅਮਨਾ ਤੇ ਇੰਦਰਜੀਤ ਖਰੌਡ ਹੋਰ ਵੀ ਮੌਜੂਦ ਸਨ।
ਦੇਵੀਗੜ੍ਹ(ਪੱਤਰ ਪ੍ਰੇਰਕ): ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਸਰਕਾਰ ਵਲੋਂ ਕੀਤੇ ਵਿਕਾਸ ਦੇ ਕੰਮਾਂ ਅਤੇ ਲੋਕਾਂ ਨੂੰ ਦਿੱਤੇ ਚੰਗੇ ਉਮੀਦਵਾਰਾਂ ਦਾ ਹੀ ਨਤੀਜਾ ਹੈ।