ਪੱਤਰ ਪ੍ਰੇਰਕ
ਘਨੌਰ, 13 ਫਰਵਰੀ
ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਘਨੌਰ ਦੇ ਵੋਟਰ ਹੁਣ ਬਾਹਰੀ ਉਮੀਦਵਾਰਾਂ ਤੋਂ ਪੂਰੀ ਤਰ੍ਹਾਂ ਸੁਚੇਤ ਹਨ। ਇਨ੍ਹਾਂ ਪੰਜ ਸਾਲਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਹਲਕਾ ਘਨੌਰ ਵਿੱਚ 1500 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਸਰਵਪੱਖੀ ਵਿਕਾਸ ਦੇ ਆਧਾਰ ’ਤੇ ਉਨ੍ਹਾਂ ਦੇ ਹੱਕ ਵਿੱਚ ਹੀ ਫ਼ਤਵਾ ਦੇਣਗੇ। ਮਦਨ ਲਾਲ ਜਲਾਲਪੁਰ ਨੇ ਪਿੰਡ ਨੱਥੂ ਮਾਜਰਾ, ਅਜਰੋਰ, ਹਰਪਾਲਪੁਰ, ਸੈਦਖੇੜੀ, ਮੰਡੌਲੀ ਅਤੇ ਖਾਨਪੁਰ ਬੜਿੰਗ ਵਿੱਚ ਚੋਣ ਮੀਟਿੰਗਾਂ ਕੀਤੀਆਂ। ਜਲਾਲਪੁਰ ਨੇ ਆਖਿਆ ਕਿ ਉਨ੍ਹਾਂ ਆਪਣਾ ਸਿਆਸੀ ਜੀਵਨ ਤਿੰਨ ਦਹਾਕੇ ਪਹਿਲਾਂ ਹਲਕਾ ਘਨੌਰ ਤੋਂ ਸ਼ੁਰੂ ਕੀਤਾ ਸੀ ਅਤੇ ਕਦੇ ਵੀ ਹਲਕੇ ਤੋਂ ਬਾਹਰ ਨਹੀਂ ਗਏ। ਜਦੋਂ ਕਿ ਇਨ੍ਹਾਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੇ ਆਗੂ ਹੋਰਨਾਂ ਹਲਕਿਆਂ ਤੋਂ ਆ ਕੇ ਘਨੌਰ ਵਾਸੀਆਂ ਦੀਆਂ ਵੋਟਾਂ ਬਟੋਰਨੀਆਂ ਚਾਹੁੰਦੇ ਹਨ। ਉਨ੍ਹਾਂ ਦੀ ਇਸ ਉਮੀਦ ਨੂੰ ਬੂਰ ਨਹੀਂ ਪੈਣਾ। ਇਸ ਮੌਕੇ ਦਰਸ਼ਨ ਸਿੰਘ ਮੰਡੌਲੀ, ਰਣਜੀਤ ਸਿੰਘ ਨੱਥੂ ਮਾਜਰਾ, ਮਨੋਹਰ ਲਾਲ ਜਲਾਲਪੁਰ, ਰਾਜੇਸ਼ ਨੰਦਾ ਮੰਡੌਲੀ ਅਤੇ ਹੋਰ ਮੌਜੂਦ ਸਨ।