ਪੱਤਰ ਪ੍ਰੇਰਕ
ਪਟਿਆਲਾ, 6 ਮਾਰਚ
ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਵੱਲੋਂ ਡਾ. ਐੱਸਪੀ ਸਿੰਘ ਓਬਰਾਏ ਮੁਖੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ 20 ਸਾਲਾਂ ਤੋਂ ਚੱਲੀ ਆ ਰਹੀ ਮਾਸਿਕ ਗਾਰਡਨ ਥੀਏਟਰ ਦੀ 235ਵੀਂ ਪੇਸ਼ਕਾਰੀ ਬਾਰਾਂਦਰੀ ਬਾਗ਼ ਵਿੱਚ ਕੀਤੀ ਗਈ। ਇਸ ਦੇ ਨਾਲ ਹੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ‘ਸਰਬੱਤ ਦਾ ਭਲਾ ਥੀਏਟਰ ਮੁਹਿੰਮ’ ਦਾ ਦੂਜਾ ਪੜਾਅ ਵੀ ਸ਼ੁਰੂ ਹੋਇਆ। ਨਟਾਸ ਨਿਰਦੇਸ਼ਕ ਪ੍ਰਾਣ ਸਭਰਵਾਲ ਨੇ ਦੱਸਿਆ ਕਿ ਸਮਾਗਮ ਦਾ ਉਦਘਾਟਨ ਪਦਮਸ਼੍ਰੀ ਡਾ. ਆਰਐੱਲ ਮਿੱਤਲ, ਭਗਵਾਨ ਦਾਸ ਗੁਪਤਾ, ਪੀਸੀ ਤਿਵਾੜੀ ਸੀਨੀਅਰ ਵਾਈਸ ਪ੍ਰਧਾਨ ਨਟਾਸ ਆਦਿ ਨੇ ਕੀਤਾ। ਪੇਸ਼ ਨਾਟਕਾਂ ਵਿੱਚ ਅਜਮੇਰ ਔਲਖ ਦੇ ‘ਅਵੇਸਲੇ ਯੁੱਧਾਂ ਦੀ ਨਾਇਕਾਂ’, ਹਰਸ਼ਰਨ ਸਿੰਘ ਦੇ ‘ਇਕ ਵਿਚਾਰੀ ਮਾਂ’ ਅਤੇ ਪਾਂਧੀ ਨਨਕਾਣਵੀ ਦੇ ‘ਲਖੀ ਸ਼ਾਹ ਵਣਜਾਰਾ’ ਤੋਂ ਬਿਨਾਂ ਗੀਤ-ਸੰਗੀਤ ਅਤੇ ਭੰਡ-ਨਕਲਾਂ ਨੇ ਵਾਹ-ਵਾਹ ਖੱਟੀ। ਕਲਾਕਾਰਾਂ ਵਿੱਚ ਗੋਪਾਲ ਸ਼ਰਮਾ, ਅੰਜੂ ਸੈਣੀ, ਰਾਜ ਮਨੀਸ਼ਾ, ਗੁਰਪ੍ਰਗਟ ਸਿੰਘ, ਗਾਇਕ ਮਨਜੀਤ ਮਨੀ ਤੇ ਰਾਹੁਲ ਨੇ ਕਿਰਦਾਰਾਂ ਵਿੱਚ ਜਾਨ ਪਾਈ।