ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਮਾਰਚ
ਫਾਰਮੇਸੀ ਅਫਸਰਾਂ ਨੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਚਹਿਲ ਦੀ ਅਗਵਾਈ ਹੇਠਾਂ ਅੱਜ ਇਥੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਵਿੱਚ ਇਕੱਠੇ ਹੋ ਕੇ ਵਿਭਾਗ ਦੇ ਡਾਇਰੈਕਟਰ ਖ਼ਿਲਾਫ਼ ਰੋਸ ਪ੍ਰਰਦਸ਼ਨ ਕੀਤਾ। ਉਨ੍ਹਾਂ ਕਿਹਾ ਕਿ ਡਾਇਰੈਕਰ ਦੇ ਅੜੀਅਲ ਵਤੀਰੇ ਖ਼ਿਲਾਫ਼ ਜਥੇਬੰਦੀ ਵੱਲੋਂ 24 ਮਾਰਚ ਨੂੰ ਸੂਬਾਈ ਪੱਧਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਫਾਰਮੇਸੀ ਅਫਸਰ ਐੋਸੋਸੀਏਸ਼ਨ ਦੇ ਸੂਬਾਈ ਆਗੂ ਹਰਜੀਵਨ ਸਿੰਘ ਚਹਿਲ ਨੇ ਬਿਆਨ ਰਾਹੀਂ ਦੱਸਿਆ ਕਿ ਫਾਰਮੇਸੀ ਅਫਸਰ ਦੀ ਸੀਨੀਅਰ ਫਾਰਮੇਸੀ ਅਫਸਰ ਵਜੋਂ ਤਰੱਕੀ ਪਹਿਲਾਂ ਹੀ 30/32 ਸਾਲਾਂ ਮਗਰੋਂ ਹੁੰਦੀ ਹੈ, ਪਰ ਡਾਇਰੈਕਟਰ ਦੇ ਦਫ਼ਤਰ ਵੱਲੋਂ ਤਰੱਕੀ ਦੇ ਯੋਗ ਫਾਰਮੇਸੀ ਅਫਸਰਾਂ ਨੂੰ ਪਦ ਉਨਤ ਕਰਨ ’ਚ ਵੀ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਸੇਵਾਮੁਕਤ ਹੋਏ ਕਰਮਚਾਰੀਆਂ ਦੇ ਜੀ.ਪੀ.ਐਫ਼ ਅਤੇ ਲੀਵ ਇਨਕੈਸ਼ਮੈਂਟ ਦਾ ਮਾਮਲਾ ਵੀ ਲਮਕਾਇਆ ਜਾ ਰਿਹਾ ਹੈ। ਪ੍ਰਦਰਸ਼ਨ ਵਿੱਚ ਹਰਜੀਵਨ ਚਹਿਲ, ਸਿਓਪਾਲ ਸਿੰਘ, ਚਮਕੌਰ ਸਿੰਘ, ਇੰਦਰਜੀਤ ਸਿੰਘ, ਤਰਸੇਮ ਸਿੰਘ, ਮੇਜਰ ਸਿੰਘ ਲਖਮੀ ਵਰਮਾ ਆਦਿ ਵੀ ਮੌਜੂਦ ਸਨ।