ਖੇਤਰੀ ਪ੍ਰਤੀਨਿਧ
ਪਟਿਆਲਾ, 19 ਜੁਲਾਈ
ਪੰਜਾਬੀ ਯੂਨੀਵਰਸਿਟੀ ਦੀ ਸਾਲ 2021-22 ਲਈ ਪਲੇਸਮੈਂਟ ਪ੍ਰਕਿਰਿਆ ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹੀ ਹੈ। ਇਸ ਵਿੱਚ ਚੋਟੀ ਦੀਆਂ 65 ਬਹੁ-ਕੌਮੀ ਕੰਪਨੀਆਂ ਵੱਲੋਂ ਇੱਥੇ ਕੋਰਸ ਕਰਦੇ ਵਿਦਿਆਰਥੀਆਂ ਨੂੰ ਸਬੰਧਿਤ ਕੋਰਸਾਂ ਦੇ ਦੌਰਾਨ ਹੀ ਯੋਗਤਾ ਅਨੁਸਾਰ ਰੁਜ਼ਗਾਰ ਦੇਣ ਹਿਤ ਪਲੇਸਮੈਂਟ ਡਰਾਈਵ ਲਈ ਕੈਂਪਸ ਦਾ ਦੌਰਾ ਕੀਤਾ ਗਿਆ।
ਵਰਣਨਯੋਗ ਹੈ ਕਿ ਦੁਨੀਆਂ ਦੀਆਂ ਚਾਰ ਸਰਵੋਤਮ ਮਲਟੀਨੈਸ਼ਨਲ ਫਰਮਾਂ ਵਿੱਚੋਂ ਇੱਕ ਕੇਪੀਐਮਜੀ ਨੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਦਿਲਚਸਪੀ ਦਿਖਾਉਂਦਿਆਂ 5.8 ਲੱਖ ਰੁਪਏ ਤੋਂ 6.3 ਲੱਖ ਰੁਪਏ ਤੱਕ ਦੇ ਸਾਲਾਨਾ ਪੈਕੇਜ ਦੇ ਨਾਲ 10 ਵਿਦਿਆਰਥੀਆਂ ਦੀ ਚੋਣ ਕੀਤੀ ਹੈ। ਇਸੇ ਤਰ੍ਹਾਂ ਜ਼ੈਨੋਸਟੈਕ ਕੰਪਨੀ ਵੱਲੋਂ ਸਰਗਰਮੀ ਨਾਲ ਇਸ ਡਰਾਈਵ ਦਾ ਹਿੱਸਾ ਬਣਦੇ ਹੋਏ 6.5 ਲੱਖ ਰੁਪਏ ਦੇ ਸਾਲਾਨਾ ਪੈਕੇਜ ਨਾਲ 10 ਵਿਦਿਆਰਥੀਆਂ ਨੂੰ ਚੁਣਿਆ ਹੈ। ਪਲੈਨੇਟ ਸਪਾਰਕ ਵੱਲੋਂ 6.40 ਲੱਖ ਰੁਪਏ ਦੇ ਸ਼ਾਨਦਾਰ ਸਾਲਾਨਾ ਪੈਕੇਜ ਵਾਲੇ ਦੋ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਕਈ ਹੋਰ ਵਿਦਿਆਰਥੀਆਂ ਨੂੰ 5 ਲੱਖ ਰੁਪਏ ਤੋਂ ਵੱਧ ਦੇ ਸਲਾਨਾ ਪੈਕੇਜ ਦੇ ਨਾਲ ਹੋਰਨਾਂ ਕੰਪਨੀਆਂ ਬੱਗਜ਼ ਮਿਰਰ, ਰਿਤਵਿਕ ਸੌਫਟਵੇਅਰ, ਇੰਪੈਟਸ ਟੈੱਕ ਆਦਿ ਵਿੱਚ ਆਪਣੀ ਯੋਗਤਾ ਨੂੰ ਸਾਬਤ ਕਰਨ ਦਾ ਮੌਕਾ ਮਿਲਿਆ।
ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ’ਵਰਸਿਟੀ ਨੇ ਬੀਟੈਕ ਅਤੇ ਐਮਬੀਏ ਦੇ ਵਿਦਿਆਰਥੀਆਂ ਲਈ ਰਿਕਾਰਡ ਗਿਣਤੀ ਦੀ ਪਲੇਸਮੈਂਟ ਕਰਵਾਈ ਹੈ।