ਸਰਬਜੀਤ ਭੰਗੂ/ਬਹਾਦਰ ਮਰਦਾਂਪੁਰ
ਪਟਿਆਲਾ/ਘਨੌਰ, 13 ਜਨਵਰੀ
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਨੁਕਸਾਨ ਪਹੁੰਚਾਉਣ ਲਈ ਤਤਪਰ ਤੇ ਸਿੱਖ ਵਿਰੋਧੀ ਧਾੜਵੀਆਂ ਦੀ ਮਦਦ ਨਾਲ਼ ਪੰਥ ਪ੍ਰਸਤੀਆਂ ਨੂੰ ਲਾਂਭੇ ਕਰਕੇ ਇਸ ’ਤੇ ਕਾਬਜ਼ ਹੋਣ ਦੇ ਇਰਾਦੇ ਰੱਖਣ ਵਾਲ਼ੀਆਂ ਸ਼ਕਤੀਆਂ ਦੇ ਮਨਸੂਬੇ ਸਫ਼ਲ ਨਹੀਂ ਹੋ ਸਕਣਗੇ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਸੀ ਕਿ ਅਜਿਹੇ ਹੀ ਮਨੋਰਥਾਂ ਨਾਲ ਇਹ ਵਿਰੋਧੀ ਸ਼ਕਤੀਆਂ ਬੇਅਦਬੀ ਦੀਆਂ ਘਟਨਾਵਾਂ ਕਰਵਾ ਕੇ ਵੱਡਾ ਨੁਕਸਾਨ ਕਰਨ ’ਤੇ ਤੁਲੀਆਂ ਹੋਈਆਂ ਹਨ, ਪਰ ਸਿੱਖ ਕੌਮ ਇਨ੍ਹਾਂ ਦੇ ਅਜਿਹੇ ਮਨਸੂਬਿਆਂ ਨੂੰ ਖੁੰਢਾ ਕਰਕੇ ਛੱਡਣਗੇ। ਉਹ ਗੁਰੂ ਅਮਰਦਾਸ ਜੀ ਦੇ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਨਥਾਣਾ ਸਾਹਿਬ ਵਿਖੇ ਅੱਜ ਮਾਘੀ ਦੇ ਮੌਕੇ ’ਤੇ ਧਾਰਮਿਕ ਦੀਵਾਨ ’ਚ ਜੁੜੀਆਂ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਜਿਸ ਦੌਰਾਨ ਉਨ੍ਹਾਂ ਨੇ ਹਲਕਾ ਘਨੌਰ ਵਿੱਚ ਆਈਸੀਐਸਈ ਪੱਧਰ ਦਾ ਸਕੂਲ ਖੋਲ੍ਹਣ ਦਾ ਐਲਾਨ ਕੀਤਾ। ਘਨੌਰ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਸ਼੍ਰੋੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਸਕੂਲ ਖੋਲ੍ਹਣ ਦੇ ਐਲਾਨ ਸਬੰਧੀ ਸ੍ਰੀ ਧਾਮੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੇਤ ਕਈ ਹੋਰ ਥਾਈਂ ਵਾਪਰੀਆਂ ਘਟਨਾਵਾਂ ਨੇ ਸਰਕਾਰ ਤੇ ਏਜੰਸੀਆਂ ਵਿਰੋਧੀ ਮਨਸੂਬੇ ਸਾਫ਼ ਕਰ ਦਿੱਤੇ ਹਨ। ਇਸ ਮੌਕੇ ਸਿੱਖ ਨੌਜਵਾਨ ਸੇਵਾ ਸੁਸਾਇਟੀ ਘਨੌਰ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਗਿਆ।