ਪੱਤਰ ਪ੍ਰੇਰਕ
ਪਟਿਆਲਾ, 4 ਜੁਲਾਈ
ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਵੱਲੋਂ ਲਗਾਈ ਗਈ ਸਾਲਾਨਾ ਥੀਏਟਰ ਵਰਕਸ਼ਾਪ ਸਮਾਪਤ ਹੋ ਗਈ ਹੈ। ਇਹ ਵਰਕਸ਼ਾਪ ਪ੍ਰਾਣ ਸਭਰਵਾਲ ਅਤੇ ਸੁਨੀਤਾ ਸਭਰਵਾਲ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਪੰਜਾਬ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਮਹੀਨਾ ਭਰ ਜਾਰੀ ਰਹੀ, ਜਿਸ ਦਾ ਅਨੇਕਾਂ ਬੱਚਿਆਂ ਨੇ ਲਾਭ ਲਿਆ। ਇਸ ਵੇਲੇ ਨਟਾਸ ਦੇ ਬਾਨੀ ਭਗਤ ਮੁਨਸ਼ੀ ਰਾਮ ਸਭਰਵਾਲ ਦੀ 40ਵੀਂ ਬਰਸੀ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਪਨ ਸਮਾਗਮ ਦੇ ਮੁੱਖ ਮਹਿਮਾਨ ਵਿਸ਼ਵ ਪੰਜਾਬੀ ਵਿਕਾਸ ਮੰਚ ਦੇ ਕਨਵੀਨਰ ਚਰਨਜੀਤ ਸਿੰਘ ਗਰੋਵਰ ਅਤੇ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਰਾਕੇਸ਼ ਗੁਪਤਾ ਸਨ। ਇਸ ਦੌਰਾਨ ਵਿਨੋਦ ਕੌਸ਼ਲ ਵੱਲੋਂ ਨਿਰਦੇਸ਼ਤ ਨਾਟਕ ‘ਅੰਧੇਰ ਨਗਰੀ ਚੌਪਟ ਰਾਜਾ’ ਖੇਡਿਆ ਗਿਆ, ਜਿਸ ਵਿੱਚ ਡਾਂਸ ਡਾਇਰੈਕਟਰ ਕੋਰੀਓਗ੍ਰਾਫਰ ਜਗਦੀਸ਼ ਕੁਮਾਰ, ਸੰਗੀਤ ਗੁਰੂ ਗਿੱਲ ਦੀਪ, ਕਲਾਕਾਰਾਂ ਵਿੱਚ ਗੋਪਾਲ ਸ਼ਰਮਾ, ਸੁਭਾਸ਼ ਮਲਿਕ, ਰਾਜਿੰਦਰ ਵਰਮਾ, ਹਰਪਾਲ ਮਾਨ, ਐੱਮਐੱਸ ਜੱਗੀ ਨੇ ਭੂਮਿਕਾ ਨਿਭਾਈ। ਮਹਿਮਾਨਾਂ ਨੂੰ ਜੱਗੀ ਦੀ ਕਾਵਿ-ਪੁਸਤਕ ‘ਬੋਲ ਮਿੱਠੜੇ ਬੋਲ’ ਤੋਂ ਇਲਾਵਾ ਸ਼ਾਲ ਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ।