ਹਰਦੀਪ ਸਿੰਘ ਭੰਗੂ
ਭਾਦਸੋਂ, 9 ਸਤੰਬਰ
ਭਾਦਸੋਂ-ਪਟਿਆਲਾ ਰੋਡ ’ਤੇ ਸਥਿਤ ਪਿੰਡ ਰਾਇਮਲ ਮਾਜਰੀ ’ਚ 30 ਅਗਸਤ ਦੀ ਸ਼ਾਮ ਨੂੰ ਘੇਰ ਕੇ ਕੁੱਟਮਾਰ ਕਰਨ ਦੇ ਕਥਿਤ ਮਾਮਲੇ ਵਿੱਚ ਪੰਜਾਬੀ ਦੇ ਇਕ ਅਖਬਾਰ ਦੇ ਬਖਸ਼ੀਵਾਲਾ ਤੋਂ ਪੱਤਰਕਾਰ ਗੁਰਦੀਪ ਸਿੰਘ ਤੇ ਉਸ ਦੇ ਨਾਬਾਲਗ ਪੁੱਤਰ ਪੁਸ਼ਪਿੰਦਰ ਸਿੰਘ ਦੇ ਹੱਕ ਵਿਚ ਕਈ ਧਿਰਾਂ ਡਟ ਗਈਆਂ ਹਨ। ਇਸ ਮੌਕੇ ਪੱਤਰਕਾਰ ਭਾਈਚਾਰੇ ਦੇ ਸੱਦੇ ’ਤੇ ਸਮਾਜਿਕ ਜਥੇਬੰਦੀਆਂ, ਕਿਸਾਨ ਯੂਨੀਅਨਾਂ ਤੇ ਰਾਜਨੀਤਿਕ ਪਾਰਟੀਆਂ ਨੇ ਥਾਣਾ ਭਾਦਸੋਂ ਦੇ ਮੁੱਖ ਗੇਟ ਅੱਗੇ ਧਰਨਾ ਲਾ ਕੇ ਥਾਣੇ ਦਾ ਘਿਰਾਓ ਕੀਤਾ। ਪੀੜਤਾਂ ਅਨੁਸਾਰ ਪਿੰਡ ਦੇ ਇਕ ਧਾਰਮਿਕ ਸਥਾਨ ਦੇ ਮਾਮਲੇ ’ਚ ਪਿੰਡ ਵਾਲਿਆਂ ਵੱਲੋਂ ਕੀਤੀ ਸ਼ਿਕਾਇਤ ’ਤੇ ਸਬ ਡਿਵੀਜ਼ਨ ਨਾਭਾ ਪ੍ਰਸ਼ਾਸਨ ਨੇ ਬਹੁਤ ਸਾਲਾਂ ਤੋਂ ਧਾਰਮਿਕ ਸਥਾਨ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਹੋਇਆ ਹੈ। ਗੁਰਦੀਪ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋਂ ਭਾਦਸੋਂ ਪੁਲੀਸ ਦੇ ਕੁਝ ਮੁਲਾਜ਼ਮਾਂ ਰਾਹੀਂ ਉਸ ’ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਸੀ ਤੇ ਸ਼ਿਕਾਇਤ ਵਾਪਸ ਨਾ ਲੈਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਤੋਂ ਬਾਅਦ ਪਹਿਲੀ ਸਤੰਬਰ ਨੂੰ ਪਤਾ ਲੱਗਿਆ ਕਿ ਉਸ ਦੇ ਆਪਣੇ ਅਤੇ 16 ਸਾਲਾ ਨਾਬਾਲਗ ਪੁੱਤਰ ਪੁਸ਼ਪਿੰਦਰ ਸਿੰਘ ਉਪਰ ਕੁੱਟਮਾਰ ਕੀਤੇ ਜਾਣ ਦਾ ਪਰਚਾ ਥਾਣਾ ਭਾਦਸੋਂ ਵਿੱਖੇ ਹੋ ਚੁੱਕਾ ਹੈ ਜਦੋਂਕਿ ਉਨ੍ਹਾਂ ਨੂੰ ਕਿਸੇ ਕੁੱਟਮਾਰ ਦੀ ਘਟਨਾ ਦੇ ਹੋਣ ਬਾਰੇ ਪਤਾ ਤੱਕ ਨਹੀਂ ਹੈ। ਥਾਣਾ ਭਾਦਸੋਂ ਦੇ ਐਸਐਚਓ ਅਨਵਰ ਅਲੀ ਨੇ ਦੱਸਿਆ ਕਿ ਉਹ ਇਕ ਮਹੀਨੇ ਦੇ ਅੰਦਰ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣਗੇ।