ਜੈਸਮਿਨ ਭਾਰਦਵਾਜ
ਨਾਭਾ, 13 ਜੁਲਾਈ
ਰਾਜਸਥਾਨ ਵਿੱਚ ਜ਼ਬਰੀ ਬੰਦੀ ਬਣਾਏ ਗਏ ਨੇੜਲੇ ਪਿੰਡ ਅਗੌਲ ਦੇ ਵਾਸੀ ਕਰਮ ਸਿੰਘ ਦੀ ਵਾਪਸੀ ਨਾਲ ਪਰਿਵਾਰ ਨੇ ਰਾਹਤ ਮਹਿਸੂਸ ਕੀਤੀ ਹੈ। ਇਸ ਮੌਕੇ ਪਰਿਵਾਰ ਨੇ ਮੀਡੀਆ ਅਤੇ ਪੁਲੀਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਹਮਾਇਤ ’ਚ ਨਿੱਤਰੇ ਮਗਨਰੇਗਾ ਫ਼ਰੰਟ ਦੀ ਸ਼ਲਾਘਾ ਕੀਤੀ। ਕਰਮ ਸਿੰਘ ਦੇ ਪਿਤਾ ਜ਼ੋਰਾ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੀ ਉਮਰ ਜਿਨ੍ਹਾਂ ਸਿਆਣਾ ਨਹੀਂ, ਜਿਸ ਕਰਕੇ ਪਿੰਡ ਦੇ ਹੀ ਦੋ ਵਿਅਕਤੀ ਉਸ ਨੂੰ ਰਾਜਸਥਾਨ ਛੱਡ ਕੇ ਉਸ ਦੇ ਬਦਲੇ 50 ਹਜ਼ਾਰ ਰੁਪਏ ਲੈ ਆਏ ਸਨ।
ਨਾਭਾ ਸਦਰ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਇਥੋਂ ਸ਼ਨਿਚਰਵਾਰ ਨੂੰ ਰਾਜਸਥਾਨ ਲਈ ਰਵਾਨਾ ਹੋਈ ਸੀ ਅਤੇ ਕਰਮ ਸਿੰਘ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਪੀੜਤ ਕਰਮ ਸਿੰਘ ਨੂੰ ਮਸ਼ੀਨ ’ਤੇ ਕੰਮ ਕਰਵਾਉਣ ਲਈ ਪਿੰਡ ਅਗੌਲ ਦੇ ਦੋ ਵਸਨੀਕ ਉਸ ਨੂੰ ਰਾਜਸਥਾਨ ਲੈ ਗਏ ਸਨ ਤੇ ਰਾਜਸਥਾਨ ਵਾਸੀ ਜਤਿੰਦਰ ਕੁਮਾਰ ਕੋਲੋਂ 50 ਹਜ਼ਾਰ ਐਡਵਾਂਸ ਲੈ ਕੇ ਕਰਮ ਸਿੰਘ ਨੂੰ ਉਥੇ ਹੀ ਛੱਡ ਆਏ ਸਨ। ਇਸ ਪਿੱਛੋਂ ਜਤਿੰਦਰ ਨੇ ਕਰਮ ਸਿੰਘ ਨੂੰ ਕਥਿਤ ਤੌਰ ’ਤੇ ਬੰਦੀ ਬਣਾ ਲਿਆ ਅਤੇ ਆਪਣੇ ਪੈਸਿਆਂ ਦੀ ਮੰਗ ਕੀਤੀ।
ਇਸ ਦਰਮਿਆਨ ਪੁਲੀਸ ਕਾਰਵਾਈ ਤੋਂ ਜਾਣੂ ਹੋਣ ’ਤੇ ਜਤਿੰਦਰ ਨੇ ਫੋਨ ਕਰਕੇ ਪੀੜਤ ਪਰਿਵਾਰ ਨੂੰ ਧਮਕੀ ਵੀ ਦਿੱਤੀ। ਪੁਲੀਸ ਨੇ ਕਰਮ ਸਿੰਘ ਨੂੰ ਰਾਜਸਥਾਨ ਤੋਂ ਲਿਆ ਕੇ ਨਾਭਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਇਸ ਮਗਰੋਂ ਅਦਾਲਤ ਦੇ ਹੁਕਮਾਂ ’ਤੇ ਉਸ ਨੂੰ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ।