ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਮਈ
ਪਟਿਆਲਾ ’ਚ ਪਿਛਲੇ ਦਿਨੀਂ ਵਾਪਰੀ ਹਿੰਸਕ ਘਟਨਾ ਮਗਰੋਂ ਇੱਥੋਂ ਦਾ ਪੁਲੀਸ ਪ੍ਰਸ਼ਾਸਨ ਵਧੇਰੇ ਚੌਕਸ ਹੋ ਗਿਆ ਹੈ। ਪੁਲੀਸ ਨੂੰ ਨਵੀਆਂ ਆਧੁਨਿਕ ਤਕਨੀਕਾਂ ਨਾਲ਼ ਲੈਸ ਕੀਤਾ ਜਾ ਰਿਹਾ ਹੈ। ਇਸ ਕੜੀ ਵਜੋਂ ਅੱਜ ਸਥਾਨਕ ਪੁਲੀਸ ਨੇ ਡਰੋਨ ਰਾਹੀਂ ਸ਼ਹਿਰ ’ਤੇ ਬਾਜ਼ ਅੱਖ ਰੱਖਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸ਼ਾਇਦ ਇਹ ਪੰਜਾਬ ਭਰ ਵਿੱਚੋਂ ਸਥਾਨਕ ਪੁਲੀਸ ਦੀ ਹੀ ਅਜਿਹੀ ਪਹਿਲਕਦਮੀ ਹੋਵੇ,ਜਿਸ ਦੌਰਾਨ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਇਸ ਕਦਰ ਡਰੋਨ ਦੀ ਵਰਤੋਂ ਕੀਤੀ ਜਾਣ ਲੱਗੀ ਹੈ।
ਪਟਿਆਲਾ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਦੇ ਆਦੇਸ਼ਾਂ ’ਤੇ ਐੱਸ.ਐੱਸ.ਪੀ ਦੀਪਕ ਪਾਰਿਕ ਨੇ ਪਟਿਆਲਾ ਸ਼ਹਿਰ ਵਿਚਲੇ ਹਾਲਾਤ ’ਤੇ ਨੇੜਿੳਂ ਨਜ਼ਰ ਰੱਖਣ ਲਈ ਅੱਜ ਇੱਥੇ ‘ਡਰੋਨ ਸਰਵੇਲੈਂਸ ਟੀਮ’ ਤਾਇਨਾਤ ਕੀਤੀ ਹੈ। ਇਹ ਟੀਮ ਆਪਣੇ ਡਰੋਨ/ਯੂ.ਏ.ਵੀ ਰਾਹੀਂ ਪਟਿਆਲਾ ਸ਼ਹਿਰ ਦੇ ਸੰਵੇਦਨਸ਼ੀਲ ਖੇਤਰਾਂ ’ਚ ਨਿਗ੍ਹਾ ਰੱਖੇਗੀ। ਇਸ ਦੌਰਾਨ ਨਿਸ਼ਾਨੇ ’ਤੇ ਰੱਖੇ ਜਾਣ ਵਾਲ਼ੇ ਇਲਾਕਿਆਂ ਦੀ ਨਿਗਰਾਨੀ/ ਵੀਡਿਓਗ੍ਰਾਫੀ ਕਰੇਗੀ। ਡਰੋਨ ਸਰਵੇਲੈਂਸ ਟੀਮ ਦੇ ਮੈਬਰਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਐੱਸਐੱਸਪੀ ਨੇ ਇਸ ਸਬੰਧੀ ਜਾਣੂ ਕਰਵਾਇਆ।
ਪੁਲੀਸ ਮੁਖੀ ਨੇ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ’ਤੇ ਅਮਲ ਨਾ ਕਰਨ। ਉਨ੍ਹਾਂ ਨੇ ਨਾਲ਼ ਹੀ ਅਫਵਾਹਾਂ ਫੈਲਾਓਣ ਵਾਲ਼ਿਆਂ ਨੂੰ ਵੀ ਤਾੜਨਾ ਕੀਤੀ ਕਿ ਅਜਿਹੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਐਸਪੀ (ਸਕਿਓਰਿਟੀ) ਡਾ. ਸਿਮਰਤ ਕੌਰ (ਆਈਪੀਐਸ)ਵੀ ਮੌਜੂਦ ਸਨ। ਜਦਕਿ ਐਸਪੀ ਸਿਟੀ ਵਜੀਰ ਸਿੰਘ ਨੇ ਵੀ ਇਸ ਟੀਮ ਨੂੰ ਇਸ ਨਵੀਂ ਤਕਨਾਲੋਜੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਵਧੇਰੇ ਚੌਕਸੀ ਰੱਖਣ ’ਤੇ ਜ਼ੋਰ ਦਿੱਤਾ।