ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਫਰਵਰੀ
ਰਾਸ਼ਟਰੀ ਪੋਲੀਓ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ’ਚ 5 ਸਾਲ ਤੱਕ ਦੇ ਇਕ ਲੱਖ 7 ਹਜ਼ਾਰ 886 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਦੀ ਦੇਖ-ਰੇਖ ਹੇਠਾਂ ਚਲਾਈ ਗਈ ਇਸ ਮੁੁਹਿੰਮ ਦੌਰਾਨ ਦਵਾਈ ਦੀਆਂ ਇਹ ਬੂੰਦਾਂ ਪੀਣ ਤੋਂ ਵਾਂਝੇ ਰਹੇ ਬੱਚਿਆਂ ਨੂੰ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ 28 ਫਰਵਰੀ ਅਤੇ ਪਹਿਲੀ ਮਾਰਚ ਨੂੰ ਘਰ-ਘਰ ਜਾ ਕੇ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।
ਬੂੰਦਾਂ ਪਿਲਾਉਣ ਦੀ ਇਸ ਮੁਹਿੰਮ ਦੀ ਸ਼ੁਰੂਆਤ ਏਡੀਸੀ (ਜਰਨਲ) ਗੁਰਪ੍ਰੀਤ ਸਿੰਘ ਥਿੰਦ ਨੇ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇੱਥੇ ਬੱਸ ਸਟੈਂਡ ਵਿੱਚ ਲਗਾਏ ਗਏ ਪੱਲਸ ਪੋਲੀਓ ਬੂਥ ਦਾ ਉਦਘਾਟਨ ਕਰਦਿਆਂ, ਪੰਜ ਸਾਲਾਂ ਤੱਕ ਦੇ ਕੁਝ ਬੱਚਿਆਂ ਨੂੰ ਆਪਣੇ ਹੱਥੀਂ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ। ਇਹ ਬੂੂਥ ਸਿਹਤ ਵਿਭਾਗ ਵੱਲੋਂ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਗੋਇਲ ਅਤੇ ਪੀ.ਆਰ.ਟੀ.ਸੀ. ਦੇ ਸਹਿਯੋਗ ਨਾਲ ਲਗਾਇਆ ਗਿਆ ਸੀ ਜਿਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਉੱਚ ਅਧਿਕਾਰੀ ਵੀ ਪਹੁੰਚੇ ਹੋਏ ਸਨ। ਇਸ ਮੌਕੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ, ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਗੋਇਲ, ਡਾ. ਦਿਵਜੋਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਪਟਿਆਲਾ ਸੋਸ਼ਲ ਵੈਲਫੇਅਰ, 5 ਪੰਜਾਬ ਐਨ.ਸੀ.ਸੀ ਦੇ ਵਲੰਟੀਅਰ, ਅਸ਼ੋਕਾ ਨਰਸਿੰਗ ਸਕੂਲ ਦੇ ਵਿਦਿਆਰਥੀ ਵੀ ਹਾਜ਼ਰ ਸਨ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਜਿਲ੍ਹੇ ਵਿੱਚ 5 ਸਾਲ ਸਾਲ ਤੱਕ ਦੇ 1,88,370 ਬੱਚਿਆਂ ਨੂੰ ਪੋਲਿਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣ ਲਈ 917 ਪੋਲਿਓ ਬੂਥਾਂ ਤੋਂ ਇਲਾਵਾ 33 ਟ੍ਰਾਂਜਿਟ ਪੁਆਇੰਟ ’ਤੇ ਬੂਥ ਬਣਾਏ ਗਏ ਸਨ। ਇਸੇ ਤਰ੍ਹਾਂ ਸਲਮ ਬਸਤੀਆਂ, ਝੁੱਗੀ ਝੌੌਪੜੀਆਂ ਅਤੇ ਭੱਠਿਆਂ ਆਦਿ ਨੂੰ ਕਵਰ ਕਰਨ ਲਈ 26 ਮੋਬਾਈਲ ਟੀਮਾਂ ਵੀ ਲਗਾਈਆਂ ਗਈਆਂ ਸਨ, ਤਾਂ ਜੋ ਕੋਈ ਵੀ ਪੰਜ ਸਾਲ ਤੱਕ ਦਾ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹਿ ਸਕੇ।