ਨਿੱਜੀ ਪੱਤਰ ਪੇ੍ਰਕ
ਪਟਿਆਲਾ, 31 ਅਗਸਤ
ਪਟਿਆਲਾ ਦਿਹਾਤੀ ਵਿਚ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਦੇ ਆਗੂਆਂ ਦੀ ‘ਪੋਸਟਰ ਵਾਰ’ ਚੱਲ ਰਹੀ ਹੈ, ਇਕ ਦੂਜੇ ਤੋਂ ਵੱਧ ਕੇ ਕੰਧਾਂ ’ਤੇ ਪੋਸਟਰ ਤੇ ਹੋਰਡਿੰਗ ਲਗਾ ਕੇ ਹਲਕੇ ਵਿਚ ਆਪਣੀ ਹਾਜ਼ਰੀ ਲਵਾਈ ਜਾ ਰਹੀ ਹੈ। ਸ਼ਹਿਰ ’ਚ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਹਰਪਾਲ ਚੀਮਾ ਦੀਆਂ ਫ਼ੋਟੋਆਂ ਸਮੇਤ ਜ਼ਿਆਦਾਤਰ ਟਿਕਟ ਦੇ ਚਾਹਵਾਨ ਆਗੁੁੂਆਂ ਦੇ ਪੋਸਟਰ ਲੱਗੇ ਹੋਏ ਮਿਲਦੇ ਹਨ। ਜਾਣਕਾਰੀ ਅਨੁਸਾਰ ਇੱਥੇ ਨਾਭਾ ਤੋਂ ਆਏ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਭਰਾ ਜਸਦੀਪ ਸਿੰਘ ਨਿੱਕੂ ਨੇ ਥਾਂ ਥਾਂ ’ਤੇ ਪੋਸਟਰ ਤੇ ਹੋਰਡਿੰਗ ਲਗਾ ਕੇ ਹਲਕੇ ਵਿਚ ਟਿਕਟ ਦੀ ਦਾਅਵੇਦਾਰੀ ਰੱਖੀ ਗਈ ਹੈ। ਇਨ੍ਹਾਂ ਹੋਰਡਿੰਗਾਂ ’ਚ ਬਿਜਲੀ ਦੇ 300 ਯੂਨਿਟ ਮੁਆਫ਼ ਕਰਨ ਦੇ ਮੁੱਦੇ ਨੂੰ ਉਭਾਰਿਆ ਗਿਆ ਹੈ। ਹਾਲ ਹੀ ਵਿਚ ਪ੍ਰਿ. ਜੇਪੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦੇ ਵੱਡੀ ਗਿਣਤੀ ਵਿਚ ਹੋਰਡਿੰਗ ਲਗਾਏ ਹਨ। ਇਸੇ ਤਰ੍ਹਾਂ ਸਾਬਕਾ ਮੇਜਰ ਆਰਪੀਐਸ ਮਲਹੋਤਰਾ ਨੇ ਵੀ ਪੋਸਟਰਾਂ ਨਾਲ ਕੰਧਾਂ ਭਰ ਰੱਖੀਆਂ ਹਨ। ਇੱਥੇ ਕੁਝ ਹੋਰ ਪਾਰਟੀਆਂ ਤੋਂ ਟਿਕਟ ਦੇ ਚਾਹਵਾਨ ਵਰਧਮਾਨ ਹਸਪਤਾਲ ਦੇ ਮਾਲਕ ਦੇ ਵੀ ਪੋਸਟਰ ਨਜ਼ਰ ਆ ਰਹੇ ਹਨ, ਮੋਹਿਤ ਮਹਿੰਦਰਾ ਦੇ ਹੋਰਡਿੰਗ ਤੇ ਪੋਸਟਰਾਂ ਨੇ ਵੀ ਹਲਕੇ ਵਿਚ ਕਾਫ਼ੀ ਥਾਂ ਮੱਲ ਰੱਖੀ ਹੈ।