ਗੁਰਨਾਮ ਸਿੰਘ ਚੌਹਾਨ
ਪਾਤੜਾਂ, 7 ਫਰਵਰੀ
ਵਿਧਾਨ ਸਭਾ ਹਲਕਾ ਸ਼ੁਤਰਾਣਾ (ਰਿਜ਼ਰਵ) ਵਿੱਚ ਪੰਜ ਮੁੱਖ ਰਾਜਸੀ ਪਾਰਟੀਆਂ ਕਾਂਗਰਸ, ਅਕਾਲੀ-ਬਸਪਾ, ਆਮ ਆਦਮੀ ਪਾਰਟੀ, ਪੀਐੱਲਸੀ-ਭਾਜਪਾ ਅਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਉਤਾਰੇ ਗਏ ਉਮੀਦਵਾਰਾਂ ਨੇ ਚੋਣ ਮੈਦਾਨ ਪੂਰੀ ਤਰ੍ਹਾਂ ਨਾਲ ਮਘਾ ਦਿੱਤਾ ਹੈ। ਇਨ੍ਹਾਂ ਵਿੱਚ ਕਾਂਗਰਸ ਤੋਂ ਦਰਬਾਰਾ ਸਿੰਘ ਬਨਵਾਲਾ, ਅਕਾਲੀ -ਬਸਪਾ ਵੱਲੋਂ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ, ‘ਆਪ’ ਤੋਂ ਕੁਲਵੰਤ ਸਿੰਘ ਬਾਜ਼ੀਗਰ, ਸੰਯੁਕਤ ਸਮਾਜ ਮੋਰਚਾ ਤੋਂ ਸੇਵਾਮੁਕਤ ਕਮਿਸ਼ਨਰ (ਇਨਕਮ ਟੈਕਸ) ਅਮਰਜੀਤ ਸਿੰਘ ਘੱਗਾ ਅਤੇ ਪੰਜਾਬ ਲੋਕ ਕਾਂਗਰਸ-ਭਾਜਪਾ ਤੋਂ ਨਰਾਇਣ ਸਿੰਘ ਨਰਸੌਤ ਸ਼ਾਮਲ ਹਨ।
ਪੰਜ ਉਮੀਦਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਨਾਲ ਹਲਕੇ ਵਿੱਚ ਪੰਜਕੋਣਾ ਮੁਕਾਬਲੇ ਦੇ ਆਸਾਰ ਬਣ ਗਏ ਹਨ ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਮਗਰੋਂ 9 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚੋਂ ‘ਆਪ’ ਦੇ ਕੁਲਵੰਤ ਸਿੰਘ ਬਾਜ਼ੀਗਰ, ਕਾਂਗਰਸ ਦੇ ਦਰਬਾਰਾ ਸਿੰਘ ਬਣਵਾਲਾ, ਅਕਾਲੀ-ਬਸਪਾ ਦੇ ਬੀਬੀ ਵਨਿੰਦਰ ਕੌਰ ਲੂੰਬਾ, ਪੀਐੱਲਸੀ-ਭਾਜਪਾ ਵੱਲੋ ਨਰਾਇਣ ਸਿੰਘ ਨਰਸੌਤ, ਸੰਯੁਕਤ ਸਮਾਜ ਮੋਰਚਾ ਵੱਲੋਂ ਅਮਰਜੀਤ ਸਿੰਘ ਘੱਗਾ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਜੀਤ ਸਿੰਘ ਲਦਾਲ ਅਤੇ ਸਮਾਜਵਾਦੀ ਪਾਰਟੀ ਵੱਲੋਂ ਸੁਖਵਿੰਦਰ ਸਿੰਘ ਬਕਰਾਹਾ ਤੋਂ ਇਲਾਵਾ ਦੋ ਆਜ਼ਾਦ ਉਮੀਦਵਾਰ ਨਰਿੰਦਰ ਬੋਕਸਰ ਅਤੇ ਗੁਰਧਿਆਨ ਸਿੰਘ ਮੈਦਾਨ ਵਿੱਚ ਬਾਕੀ ਹਨ।
ਇੱਥੇ ਜ਼ਿਕਰਯੋਗ ਹੈ ਕਿ ‘ਆਪ’ ਵਿੱਚੋਂ ਬਾਗੀ ਹੋ ਕੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ ਨਰੈਣ ਸਿੰਘ ਨਰਸੌਤ ਨੂੰ ਪਿਛਲੀ ਵਾਰੀ ‘ਆਪ’ ਵੱਲੋਂ ਚੋਣ ਲੜ ਚੁੱਕੇ ਬੀਬੀ ਪਲਵਿੰਦਰ ਕੌਰ ਹਰਿਆਊ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਦੇ ਉਮੀਦਵਾਰ ਨੂੰ ਹਲਕਾ ਵਿਧਾਇਕ ਨਿਰਮਲ ਸਿੰਘ ਦੀ ਖਾਮੋਸ਼ੀ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ।