ਪੱਤਰ ਪ੍ਰੇਰਕ
ਰਾਜਪੁਰਾ, 27 ਨਵੰਬਰ
ਇੱਥੋਂ ਦੇ ਵਾਰਡ ਨੰ. 4 ਅਧੀਨ ਆਉਦੀ ਏਕਤਾ ਕਲੋਨੀ ਦੇ ਦਰਜਨਾਂ ਘਰਾਂ ਵਿੱਚ ਦੋ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਹੋਣ ਕਾਰਨ ਕਲੋਨੀ ਵਾਸੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਕਲੋਨੀ ਦੇ ਵਸਨੀਕ ਜਗਜੀਤ ਸਿੰਘ ਖਾਲਸਾ, ਸੋਹਣ ਸਿੰਘ, ਰਾਮ ਸ਼ਰਨ, ਜਗਵੀਰ ਸਿੰਘ ਅਤੇ ਰਘਵੀਰ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਦੋ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਲੋਕਾਂ ਦੇ ਘਰਾਂ ਵਿੱਚ ਲੱਗੇ ਸਬਮਰਸੀਬਲ ਪੰਪ ਵੀ ਨਹੀਂ ਚੱਲ ਰਹੇ। ਇਸ ਕਾਰਨ ਪੀਣ ਦੇ ਪਾਣੀ ਦੀ ਕਿੱਲਤ ਤੋਂ ਇਲਾਵਾ ਸਟਰੀਟ ਲਾਈਟਾਂ ਬੰਦ ਰਹਿਣ ’ਤੇ ਸਮੁੱਚੀ ਕਲੋਨੀ ਵਿੱਚ ਹਨੇਰ ਛਾਇਆ ਹੋਇਆ ਹੈ।
ਕਲੋਨੀ ਵਾਸੀਆਂ ਨੇ ਦੱਸਿਆ ਕਿ ਪਾਵਰਕੌਮ ਦੇ ਅਧਿਕਾਰੀ ਸ਼ਿਕਾਇਤ ਸੁਣਨ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਐਤਵਾਰ ਤੱਕ ਬਿਜਲੀ ਸਪਲਾਈ ਬਹਾਲ ਨਾ ਹੋਈ ਤਾਂ ਉਹ ਸੋਮਵਾਰ ਨੂੰ ਪਾਵਰਕੌਮ ਦੇ ਐਕਸੀਅਨ ਦਫਤਰ ਅੱਗੇ ਰੋਸ ਧਰਨਾ ਦੇਣਗੇ। ਇਸ ਸਬੰਧੀ ਸੰਪਰਕ ਕਰਨ ’ਤੇ ਐਕਸੀਅਨ ਗੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਕਲੋਨੀ ਦੇ ਨਾਲ ਨੇੜਲੇ ਹੋਰਨਾਂ ਖੇਤਰਾਂ ਦੀ ਵੀ ਬਿਜਲੀ ਸਪਲਾਈ ਤਕਨੀਕੀ ਨੁਕਸ ਕਾਰਨ ਬੰਦ ਹੈ, ਜੋ ਅੱਜ ਬਹਾਲ ਕਰ ਦਿੱਤੀ ਜਾਵੇਗੀ।