ਪੱਤਰ ਪ੍ਰੇਰਕ
ਰਾਜਪੁਰਾ, 17 ਸਤੰਬਰ
ਇਥੋਂ ਨੇੜਲੇ ਪਿੰਡ ਖਡੌਲੀ ਵਿੱਚ ਉਜਾੜਾ ਰੋਕੂ ਸੰਘਰਸ਼ ਕਮੇਟੀ ਸੀਲ ਕੈਮੀਕਲ ਰਾਜਪੁਰਾ ਦੀ ਮੀਟਿੰਗ ਕਮੇਟੀ ਦੇ ਕਨਵੀਨਰ ਲਸ਼ਕਰ ਸਿੰਘ ਸਰਦਾਰਗੜ੍ਹ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ ਕੋਰਜੀਵਾਲਾ, ਹਰਿੰਦਰ ਸਿੰਘ, ਰਾਜਿੰਦਰ ਸਿੰਘ, ਬਲਜੀਤ ਸਿੰਘ, ਪੱਪੂ ਰਾਮ, ਕਰਮ ਸਿੰਘ ਖਡੌਲੀ, ਗੁਰਮੁਖ ਸਿੰਘ ਜੱਖੜਾ ਅਤੇ ਬਲਦੇਵ ਸਿੰਘ ਖੇੜੀ ਗੰਡਿਆਂ ਸਮੇਤ ਹੋਰਨਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ 28 ਸਾਲ ਪਹਿਲਾਂ ਕਾਰਪੋਰੇਟ ਘਰਾਣੇ ਲਈ ਨੇੜਲੇ ਅੱਠ ਪਿੰਡਾਂ ਦੀ ਐਕੁਆਇਰ ਕੀਤੀ ਗਈ 1119 ਏਕੜ ਜ਼ਮੀਨ ’ਚੋਂ ਅਣਵਰਤੀ ਪਈ 533 ਏਕੜ ਜ਼ਮੀਨ ਦੀ ਵਾਪਸੀ ਲਈ ਡੀਸੀ ਦਫਤਰ ਪਟਿਆਲਾ ਮੂਹਰੇ 20 ਸਤੰਬਰ ਨੂੰ ਦਿੱਤੇ ਜਾ ਰਹੇ ਰੋਸ ਧਰਨੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਆਖਿਆ ਕਿ ਢਾਈ ਦਹਾਕੇ ਤੋਂ ਸਬੰਧਤ ਪਿੰਡਾਂ ਦੇ ਕਿਸਾਨ ਅਣਵਰਤੀ ਜ਼ਮੀਨ ਵਾਪਸੀ ਲਈ ਸੰਘਰਸ਼ਸ਼ੀਲ ਹਨ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।