ਖੇਤਰੀ ਪ੍ਰਤੀਨਿਧ
ਪਟਿਆਲਾ, 26 ਅਕਤੂਬਰ
ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਦੇ ਸੰਸਥਾਪਕ ਡਾ. ਪ੍ਰਵੀਨ ਭਾਈ ਤੋਗੜੀਆ ਦੀ ਅਗਵਾਈ ਹੇਠ 11 ਤੋਂ 13 ਨਵੰਬਰ ਤੱਕ ਪਟਿਆਲਾ ਵਿੱਚ ਹੋਣ ਵਾਲੇ ਅਖਿਲ ਭਾਰਤੀ ਹਿੰਦੂ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਡਾ. ਤੋਗੜੀਆ ਦੇ ਸਵਾਗਤ ਲਈ ਪ੍ਰੀਸ਼ਦ ਵਰਕਰਾਂ ’ਚ ਭਾਰੀ ਉਤਸ਼ਾਹ ਹੈ। ਇਸ ਸੰਮੇਲਨ ਦੀ ਤਿਆਰੀ ਕਰ ਰਹੇ ਅੰਤਰ ਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੈ ਕਪੂਰ ਨੇ ਅੱਜ ਕੱਚਾ ਪਟਿਆਲਾ ਵਿੱਚ ਪ੍ਰਾਚੀਨ ਪਤਾਲੇਸ਼ਵਰ ਮੰਦਰ ਵਿਚ ਭਗਵਾਨ ਦੇ ਚਰਨਾਂ ਵਿਚ ਪਹਿਲਾ ਸੱਦਾ ਪੱਤਰ ਰੱਖਦਿਆਂ ਆਪਣੇ ਸਾਥੀਆਂ ਸਮੇਤ ਸੱਦਾ ਪੱਤਰ ਵੰਡਣ ਦੀ ਰਸਮੀ ਸ਼ੁਰੂਆਤ ਕੀਤੀ। ਇਸ ਸਬੰਧੀ ਵਿਜੈ ਕਪੂਰ ਨੇ ਦੱਸਿਆ ਕਿ ਡਾ. ਪ੍ਰਵੀਨ ਭਾਈ ਤੋਗੜੀਆ ਦਾ 10 ਨਵੰਬਰ ਨੂੰ ਪਟਿਆਲਾ ਪਹੁੰਚਣ ’ਤੇ ਸਵਾਗਤ ਕੀਤਾ ਜਾਵੇਗਾ। 11 ਨਵੰਬਰ ਨੂੰ ਸਵੇਰੇ 9 ਵਜੇ ਉਹ ਪਟਿਆਲਾ ਦੇ ਰੇਲਵੇ ਸਟੇਸ਼ਨ ਨੇੜੇ ਫਲਾਈਓਵਰ ਹੋਟਲ ਵਿਚ ਵੱਖ ਵੱਖ ਸੂਬਿਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ। 12 ਨਵੰਬਰ ਨੂੰ ਇਹ ਸੰਮੇਲਨ ਸਵੇਰੇ 9 ਤੋਂ ਸ਼ਾਮ ਤੱਕ ਚੱਲੇਗਾ। ਜਿਸ ਵਿਚ ਵੱਖ-ਵੱਖ ਸੂਬਿਆਂ ਦੇ ਅਹੁਦੇਦਾਰ ਆਪਣੇ ਸੂਬਿਆਂ ਦੀਆਂ ਸਮੱਸਿਆਵਾਂ ’ਤੇ ਚਰਚਾ ’ਤੇ ਸੁਝਾਅ ਦੇਣਗੇ। ਵਿਜੈ ਕਪੂਰ ਨੇ ਦੱਸਿਆ ਕਿ ਸੰਮੇਲਨ ਦੀ ਸਮਾਪਤੀ 13 ਨਵੰਬਰ ਸ਼ਾਮੀ 4 ਵਜੇ ਹੋਵੇਗੀ।