ਰਵੇਲ ਸਿੰਘ ਭਿੰਡਰ
ਪਟਿਆਲਾ, 4 ਜੂਨ
ਚਾਰ ਰਾਜ ਪੱਧਰੀ ਯੂਨੀਵਰਸਿਟੀਆਂ ਸਥਾਪਿਤ ਹੋਣ ਨਾਲ ਪੰਜਾਬ ਦਾ ਰਿਆਸਤੀ ਸ਼ਹਿਰ ਪਟਿਆਲਾ ਵਿੱਦਿਆ ਦੇ ਖੇਤਰ ਵਿਚ ਆਪਣੀ ਇਕ ਵਖਰੀ ਪਛਾਣ ਨਾਲ ਉੱਭਰਿਆ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਖੇਤਰ ਵਿਚ ਹਮੇਸ਼ਾ ਹੀ ਇਕ ਮੋਹਰੀ ਭੂਮਿਕਾ ਨਿਭਾਈ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪਟਿਆਲਾ ਸਥਿਤ ਤਿੰਨ ਬਾਕੀ ਸਟੇਟ ਯੂਨੀਵਰਸਿਟੀਆਂ ਜਿਨ੍ਹਾਂ ਵਿਚ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਾਈਸ-ਚਾਂਸਲਰ ਪ੍ਰੋ. ਜੀ. ਐੱਸ. ਬਾਜਪਾਈ., ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਲੈਫਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਵੀਸੀ ਪ੍ਰੋ. ਕਰਮਜੀਤ ਸਿੰਘ ਨਾਲ ਇਕ ਗੈਰ-ਰਸਮੀ ਮੁਲਾਕਾਤ ਕੀਤੀ ਗਈ। ਇਸ ਮੌਕੇ ਪ੍ਰੋ. ਅਰਵਿੰਦ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਦੇ ਪਾਸਾਰ ਲਈ ਪਟਿਆਲਾ ਦਾ ਇਕ ਅਹਿਮ ਵਿੱਦਿਅਕ ਕੇਂਦਰ ਵਜੋਂ ਉੱਭਰਨਾ ਸਮੁੱਚੇ ਪੰਜਾਬ ਦੇ ਵਿੱਦਿਅਕ ਅਤੇ ਅਕਾਦਮਿਕ ਖੇਤਰ ਲਈ ਇਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਇਹ ਮਾਣ ਹਾਸਲ ਹੈ ਕਿ ਇਹ ਆਪਣੇ ਛੇ ਦਹਾਕਿਆਂ ਦੀ ਅਮੀਰ ਵਿੱਦਿਅਕ ਵਿਰਾਸਤ ਨਾਲ ਇਸ ਖਿੱਤੇ ਵਿਚ ਇਕ ਚਾਨਣ ਮੁਨਾਰਾ ਰਹੀ ਹੈ। ਪ੍ਰੋ. ਜੀ ਐੱਸ. ਬਾਜਪਾਈ ਨੇ ਇਸ ਗੱਲ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਉਹ ਇਤਹਾਸਿਕ ਸ਼ਹਿਰ ਦੀਆਂ ਅਕਾਦਮਿਕ ਖੇਤਰ ਵਿਚ ਮਹੱਤਵਪੂਰਨ ਭਵਿੱਖੀ ਸੰਭਾਵਨਾਵਾਂ ਵੇਖ ਰਹੇ ਹਨ। ਇਸ ਮੌਕੇ ਭਲਕੇ ਮਨਾਏ ਜਾਣ ਵਾਲੇ ਵਿਸ਼ਵ ਵਾਤਾਵਰਨ ਦਿਵਸ ਦੇ ਪੂਰਵ ਅਵਸਰ ਮੌਕੇ ਸਭਨਾਂ ਵੱਲੋਂ ਇਕ ਇਕ ਬੂਟਾ ਵੀ ਲਗਾਇਆ ਗਿਆ।