ਖੇਤਰੀ ਪ੍ਰਤੀਨਿਧ
ਪਟਿਆਲਾ, 13 ਅਕਤੂਬਰ
ਪੰਜਾਬੀ ਯੂਨੀਵਰਸਿਟੀ ਵਿੱਚ ਪਿਛਲੇ ਸੈਸ਼ਨ ਤੋਂ ਚੱਲ ਰਹੇ ਨਿਵੇਕਲੀ ਕਿਸਮ ਦੇ ‘ਪੰਜ ਸਾਲਾ ਇੰਟੀਗਰੇਟਿਡ ਕੋਰਸਾਂ’ ਦੇ ਵਿਦਿਆਰਥੀਆਂ ਲਈ ਰੱਖੇ ਗਏ ਵਿਸ਼ੇਸ਼ ਪ੍ਰੋਗਰਾਮ ਤਹਿਤ ਪੁੱਜੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਨ੍ਹਾਂ ਕੋਰਸਾਂ ਨੂੰ ਸ਼ੁਰੂ ਕਰਨ ਪਿੱਛੇ ਬਹੁਤ ਵੱਡੇ ਉਦੇਸ਼ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਸ ਖਿੱਤੇ ਵਿੱਚੋਂ ਮੌਲਿਕ ਕਿਸਮ ਦੇ ਵਿਦਵਾਨ, ਮੌਲਿਕ ਕਿਸਮ ਦੇ ਵਿਗਿਆਨੀ ਅਤੇ ਮੌਲਿਕ ਕਿਸਮ ਦੇ ਚਿੰਤਕ ਪੈਦਾ ਕਰਨਾ ਚਾਹੁੰਦੇ ਹਾਂ। ਇਸ ਮੌਕੇ ਇਨ੍ਹਾਂ ਛੇ ਵੱਖ-ਵੱਖ ਕੋਰਸਾਂ ਵਿੱਚੋਂ ਪਹਿਲੇ ਸਾਲ ਦੌਰਾਨ ਅੱਵਲ ਰਹਿਣ ਵਾਲੇ ਵਿਦਿਆਰਥੀ ਪਰਨੀਤ ਕੌਰ, ਯਸਿ਼ਕਾ ਸ਼ਰਮਾ, ਗੁਰਨੂਰ ਕੌਰ, ਸਾਹਿਲ ਸ਼ਰਮਾ, ਸੌਰਵ ਸ਼ਰਮਾ ਅਤੇ ਪਰਮਦੀਪ ਸਿੰਘ ਵੱਲੋਂ ਵੀ ਆਪਣੇ ਅਨੁਭਵ ਸਾਂਝੇ ਕੀਤੇ ਗਏ। ਇਸ ਮੌਕੇ ਕੋਰਸ ਦੇ ਕੋਆਰਡੀਨੇਟਰ ਡਾ. ਸੁਰਜੀਤ ਸਿੰਘ ਨੇ ਕੁੱਝ ਰੌਚਿਕ ਤੱਥ ਸਾਂਝੇ ਕਰਦਿਆਂ ਭਾਸ਼ਾਵਾਂ ਨਾਲ ਜੁੜੇ ਕੋਰਸ ਦੇ ਹਵਾਲੇ ਨਾਲ ਦੱਸਿਆ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਕੋਲ ਛੇ ਭਾਸ਼ਾਵਾਂ ਨੂੰ ਜਾਣਨ ਵਾਲੇ ਵਿਦਿਆਰਥੀ ਹੋਣਗੇ। ਅਜਿਹੇ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਤੋਂ ਪੰਜਾਬ ਨਵੀਆਂ ਉਮੀਦਾਂ ਰੱਖ ਸਕਦਾ ਹੈ।