ਖੇਤਰੀ ਪ੍ਰਤੀਨਿਧ
ਪਟਿਆਲਾ, 26 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਐੱਨਐੱਸਐੱਸ ਵਿਭਾਗ ਨੇ ਅੱਜ 52ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ‘ਸਿਹਤ, ਵਾਤਾਵਰਣ ਅਤੇ ਸਮਾਜਿਕ ਸਰੋਕਾਰ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਗਿਆ। ਵਿਭਾਗ ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ’ਚ 455 ਵਾਲੰਟੀਅਰਾਂ ਨੇ ਹਿੱਸਾ ਲਿਆ। ਵਾਈਸ-ਚਾਂਸਲਰ ਡਾ. ਅਰਵਿੰਦ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਕੌਮੀ ਸੇਵਾ ਭਾਵਨਾ ਮਨੁੱਖ ਅੰਦਰ ਸਮਾਜ ਸੇਵਾ ਦਾ ਵਿਸ਼ੇਸ਼ ਤਰ੍ਹਾਂ ਦਾ ਜਜ਼ਬਾ ਪੈਦਾ ਕਰਦੀ ਹੈ। ਇਹ ਪ੍ਰਕ੍ਰਿਆ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਵੀ ਨਿਖਾਰਦੀ ਹੈ। ਉਨ੍ਹਾਂ ਨੇ ਵਲੰਟੀਅਰਾਂ ਵੱਲੋਂ ਪਰਾਲ਼ੀ ਸਾੜਨ ਦੀ ਰੋਕਥਾਮ ਲਈ ਕੀਤੇ ਗਏ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ.ਆਦਰਸ਼ਪਾਲ ਵਿਜ ਨੇ ਪੀ.ਪੀ.ਟੀ. ਦੀ ਮਦਦ ਨਾਲ ਪਰਾਲ਼ੀ ਸਾੜਨ ਤੋਂ ਰੋਕਣ ਸਬੰਧੀ ਬਣਾਈ ਯੋਜਨਾ ਬਾਰੇ ਚਾਨਣਾ ਪਾਇਆ। ਐੱਨਐੱਸਐੱਸ ’ਚ ਲਾਈਜ਼ਨਿੰਗ ਅਫ਼ਸਰ ਵਜੋਂ ਕਾਰਜਸ਼ੀਲ ਰਹੇ ਡਾ. ਗੁਰਦੇਵ ਸਿੰਘ ਸਿੱਧੂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਐੱਨਐੱਸਐੱਸ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ।