ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਅਕਤੂਬਰ
ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੀਆਂ ਅੱਜ ਹੋਈਆਂ ਚੋਣਾਂ ਵਿੱਚ ਪ੍ਰੋਗੈਸਿਵ ਟੀਚਰਜ਼ ਅਲਾਇੰੰਸ (ਪੀਟੀਏ) ਦੀ ਸ਼ਾਨਦਾਰ ਜਿੱਤ ਹੋਈ ਹੈ। ਪਿਛਲੀ ਵਾਰ ਵੀ ਇਸੇ ਗੱਠਜੋੜ ਨਾਲ ਸਬੰਧਤ ਪ੍ਰੋ. ਭੁਪਿੰਦਰ ਵਿਰਕ ਪ੍ਰਧਾਨ ਬਣੇ ਸਨ ਤੇ ਐਤਕੀ ਵੀ ਇਸ ਗੁੱਟ ਨੇ ਪ੍ਰਧਾਨ ਸਮੇਤ ਚਾਰ ਪ੍ਰਮੁੱਖ ਅਹੁਦਿਆਂ ’ਤੇ ਕਬਜ਼ਾ ਕੀਤਾ ਹੈ ਅਤੇ ਸੱਤ ਵਿੱਚੋਂ ਪ੍ਰੋ. ਰਾਜਦੀਪ ਸਿੰਘ ਸਣੇ ਤਿੰਨ ਮੈਂਬਰ ਵੀ ਇਸੇ ਗੱਠਜੋੜ ਦੇ ਚੁਣੇ ਗਏ ਹਨ।
ਅੱਜ ਦੇਰ ਸ਼ਾਮ ਐਲਾਨੇ ਗਏ ਚੋਣ ਨਤੀਜਿਆਂ ਮੁਤਾਬਕ ਡਾ. ਨਿਸ਼ਾਨ ਸਿੰਘ ਦਿਓਲ ਪੂਟਾ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੇ 274 ਵੋਟਾਂ ਹਾਸਲ ਕਰਦਿਆਂ ਵਿਰੋਧੀ ਉਮੀਦਵਾਰ ਡਾ. ਅਵੀਨੀਤਪਾਲ ਸਿੰਘ ਨੂੰ 63 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਇਸੇ ਤਰ੍ਹਾਂ ਮੀਤ ਪ੍ਰਧਾਨ ਦੀ ਚੋਣ ਡਾ. ਮੋਹਨ ਸਿੰਘ ਤਿਆਗੀ ਨੇ 37 ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ। ਉਨ੍ਹਾਂ ਨੂੰ 260 ਅਤੇ ਵਿਰੋਧੀ ਉਮੀਦਵਾਰ ਡਾ. ਸਖਵਿੰਦਰ ਸਿੰਘ ਨੂੰ 223 ਵੋਟਾਂ ਪਈਆਂ ਹਨ ਜਦਕਿ 97 ਵੋਟਾਂ ਦੇ ਵੱਡੇ ਫਰਕ ਨਾਲ ਡਾ. ਮਨਿੰਦਰ ਸਿੰਘ ਸਕੱਤਰ ਚੁਣੇ ਗਏ ਹਨ। ਉਨ੍ਹਾਂ ਨੇ 292 ਵੋਟਾਂ ਹਾਸਲ ਕੀਤੀਆਂ ਜਦਕਿ ਵਿਰੋਧੀ ਉਮੀਦਗਾਰ ਡਾ. ਗੁਰਜੀਤ ਸਿੰਘ ਭੱਠਲ ਨੂੰ 195 ਵੋਟਾਂ ਮਿਲੀਆਂ। ਉੱਧਰ, ਜੁਆਇੰਟ ਸਕੱਤਰ ਅਤੇ ਖ਼ਜ਼ਾਨਚੀ ਦੇ ਅਹੁਦੇ ਲਈ ਇਸ ਵਾਰ ਇੰਜਨੀਅਰ ਕਰਨਬੀਰ ਸਿੰਘ ਚੁਣੇ ਗਏ ਹਨ। ਉਨ੍ਹਾਂ ਨੇ ਵਿਰੋਧੀ ਡਾ. ਅਰਨੀਤ ਕੌਰ ਗਰੇਵਾਲ ਨੂੰ 30 ਵੋਟਾਂ ਦੇ ਫਰਕ ਨਾਲ ਹਰਾਇਆ। ਉਨ੍ਹਾਂ ਨੂੰ 258 ਵੋਟਾਂ ਮਿਲੀਆਂ ਜਦਕਿ ਡਾ. ਗਰੇਵਾਲ ਨੂੰ 228 ਵੋਟਾਂ ਮਿਲੀਆਂ।
ਪੂਟਾ ਦੀ ਕਾਰਜਕਾਰਨੀ ਦੇ ਸੱਤ ਮੈਂਬਰਾਂ ਵਿੱਚ ਵੀ ਸਭ ਤੋਂ ਵੱਧ ਤਿੰਨ ਮੈਂਬਰ ਪੀਟੀਏ ਦੇ ਹੀ ਜਿੱਤੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 107 ਵੋਟਾਂ ਕਾਨੂੰਨ ਵਿਭਾਗ ਦੇ ਡਾ. ਰਾਜਦੀਪ ਸਿੰਘ ਨੂੰ ਮਿਲੀਆਂ। ਪੀਟੀਏ ਦੇ ਬਾਕੀ ਦੋ ਜੇਤੂ ਮੈਂਬਰਾਂ ਵਿੱਚੋਂ ਡਾ. ਸਵਿੰਦਰ ਕੌਰ (66 ਵੋਟਾਂ) ਅਤੇ ਡਾ. ਜਗਤਾਰ ਸਿੰਘ (56 ਵੋਟਾਂ) ਦੇ ਨਾਮ ਸ਼ਾਮਲ ਹਨ। ਪ੍ਰਮੁੱਖ ਵਿਰੋਧੀ ਗੁੱਟ ਏਪੀਯੂਟੀ ਦੇ ਦੋ ਮੈਂਬਰ ਜਿੱਤੇ ਹਨ ਜਿਨ੍ਹਾਂ ਵਿੱਚ ਡਾ. ਗੁਲਸ਼ਨ ਬਾਂਸਲ ਅਤੇ ਪ੍ਰ੍ਰੋ. ਰਾਕੇਸ਼ ਕੁਮਾਰ ਸ਼ਾਮਲ ਹਨ। ਇਸੇ ਦੌਰਾਨ ਦੋ ਆਜ਼ਾਦ ਉਮੀਦਵਾਰ ਵੀ ਕਾਰਜਕਾਰਨੀ ਦੇ ਮੈਂਬਰਾਂ ਦੀ ਚੋਣ ਜਿੱਤੇ ਹਨ ਜਿਨ੍ਹਾਂ ਵਿੱਚ ਅਧਿਆਪਕ ਆਗੂ ਪ੍ਰ੍ਰੋ. ਪੁਸ਼ਪਿੰਦਰ ਸਿੰਘ ਗਿੱਲ ਅਤੇ ਡਾ. ਬਲਰਾਜ ਸਿੰਘ ਬਰਾੜ ਸ਼ਾਮਲ ਹਨ। ਪੀਟੀਏ ਵੱਲੋਂ ਮੌਜੂਦਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਵਿਰਕ ਅਤੇ ਹੋਰਾਂ ਦੀ ਅਗਵਾਈ ਹੇਠ ਜੇਤੂ ਰੈਲੀ ਕੀਤੀ ਗਈ। ਇਸ ਦੌਰਾਨ ਨਵੇਂ ਬਣੇ ਪ੍ਰਧਾਨ ਨਿਸ਼ਾਨ ਸਿੰਘ ਦਿਓਲ ਅਤੇ ਜੇਤੂ ਰਹੇ ਬਾਕੀ ਅਹੁਦੇਦਾਰਾਂ ਸਣੇ ਮੈਂਬਰ ਬਣੇ ਡਾ. ਰਾਜਦੀਪ ਸਿੰਘ ਅਤੇ ਹੋਰਾਂ ਨੂੰ ਹਾਰ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।