ਖੇਤਰੀ ਪ੍ਰਤੀਨਿਧ
ਪਟਿਆਲਾ, 1 ਜੂਨ
ਨਗਰ ਨਿਗਮ ਵੱਲੋਂ ਅੱਜ ਤਫਜ਼ਲਪੁਰਾ ਦੇ ਸੇਵਾ ਕੇਂਦਰ ਵਿੱਚ ਪ੍ਰਾਪਰਟੀ ਟੈਕਸ ਸਬੰਧੀ ਕੈਂਪ ਲਗਾਇਆ ਗਿਆ। ਨਿਗਮ ਦੇ ਸਕੱਤਰ ਸੁਨੀਲ ਮਹਿਤਾ ਅਤੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਸੁਪਰਡੈਂਟ ਰਮਿੰਦਰ ਪਾਲ ਸਿੰਘ ਦੀ ਨਿਗਰਾਨੀ ਹੇਠ ਲਗਾਏ ਪ੍ਰਾਪਰਟੀ ਟੈਕਸ ਕੈਂਪ ਦਾ ਇਲਾਕੇ ਦੇ 157 ਲੋਕਾਂ ਨੇ ਲਾਭ ਲੈਂਦਿਆਂ ਨਿਗਮ ਦੇ ਖ਼ਜ਼ਾਨੇ ਵਿੱਚ ਇੱਕ ਲੱਖ 39 ਹਜ਼ਾਰ, 434 ਰੁਪਏ ਦਾ ਵਾਧਾ ਕੀਤਾ।
ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ ਨੇੜੇ ਪ੍ਰਾਪਰਟੀ ਟੈਕਸ ਅਦਾ ਕਰਨ ਦੀ ਸਹੂਲਤ ਦੇਣ ਲਈ ਹਫ਼ਤੇ ਦੇ ਹਰ ਸ਼ਨਿੱਚਰਵਾਰ ਨੂੰ ਪ੍ਰਾਪਰਟੀ ਟੈਕਸ ਕੈਂਪ ਲਗਾਉਣਾ ਜ਼ਰੂਰੀ ਕੀਤਾ ਗਿਆ ਹੈ। ਪ੍ਰਾਪਰਟੀ ਟੈਕਸ ਦੀ ਅਦਾਇਗੀ ਨੂੰ ਲੈ ਕੇ ਲੋਕਾਂ ਵਿੱਚ ਵੱਧ ਰਹੇ ਉਤਸ਼ਾਹ ਨੂੰ ਦੇਖਦਿਆਂ ਨਗਰ ਨਿਗਮ ਵੱਲੋਂ ਬੁੱਧਵਾਰ ਨੂੰ ਵੀ ਤਫਜ਼ਲਪੁਰਾ ਦੇ ਸੇਵਾ ਕੇਂਦਰ ਵਿੱਚ ਪ੍ਰਾਪਰਟੀ ਟੈਕਸ ਕੈਂਪ ਲਗਾਇਆ ਗਿਆ। ਕਮਿਸ਼ਨਰ ਅਦਿੱਤਿਆ ਉੱਪਲ ਦਾ ਮੰਨਣਾ ਹੈ ਕਿ ਲੋਕਾਂ ਨੂੰ ਗਰਮੀ ਦਾ ਸ਼ਿਕਾਰ ਨਾ ਹੋਣਾ ਪਵੇ, ਇਸ ਲਈ ਜ਼ਰੂਰੀ ਹੈ ਕਿ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਪ੍ਰਾਪਰਟੀ ਟੈਕਸ ਭਰਨ ਦੀ ਸਹੂਲਤ ਦਿੱਤੀ ਜਾਵੇ। ਸੁਪਰਡੈਂਟ ਰਮਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਸਮੇਂ ਨਗਰ ਨਿਗਮ ਵੱਲੋਂ 2022-23 ਦਾ ਪ੍ਰਾਪਰਟੀ ਟੈਕਸ 10 ਫੀਸਦੀ ਦੀ ਛੋਟ ਨਾਲ ਲਿਆ ਜਾ ਰਿਹਾ ਹੈ। ਜੋ ਕੋਈ ਘਰੇਲੂ ਜਾਂ ਵਪਾਰਕ ਜਾਇਦਾਦ ਦੇ ਮਾਲਕ ਦਾ ਨਾਮ ਬਦਲਣਾ ਚਾਹੁੰਦਾ ਹੈ, ਉਸ ਨੂੰ ਆਪਣੇ ਨਾਮ ਦੀ ਰਜਿਸਟਰੀ ਆਪਣੇ ਨਾਲ ਲਿਆਉਣੀ ਜ਼ਰੂਰੀ ਹੈ।