ਖੇਤਰੀ ਪ੍ਰਤੀਨਿਧ
ਪਟਿਆਲਾ, 29 ਅਗਸਤ
ਪਟਿਆਲਾ ’ਚ ਖਾਣ-ਪੀਣ ਵਾਲੀਆਂ ਵਸਤੂਆਂ ’ਚ ਮਿਲਾਵਟ ਖਿਲਾਫ਼ ਵਿੱਢੀ ਮੁਹਿੰਮ ਤਹਿਤ ਨਿਊ ਪਟਿਆਲਾ ਵੈੱਲਫੇਅਰ ਕਲੱਬ ਵੱਲੋਂ ਇੱਥੇ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਦੀ ਅਗਵਾਈ ਕਰਦਿਆਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਤੋਂ ਮਿਲਾਵਟਖੋਰਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਰਾਜ ’ਚ ਸੱਤਾ ਤਬਦੀਲੀ ਦੇ ਬਾਵਜੂਦ ਮਿਲਾਵਟਖੋਰੀ ਦਾ ਕੰਮ ਜਾਰੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮਿਲਾਵਟਖੋਰੀ ਵੱਲ ਉੱਕਾ ਹੀ ਕਿਸੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਖਾਣ ਪੀਣ ਵਾਲ਼ੀਆਂ ਦੁਕਾਨਾਂ ਤੋਂ ਸੈਂਪਲ ਜ਼ਰੂਰ ਭਰ ਲਏ ਜਾਂਦੇ ਹਨ, ਪਰ ਇਸ ਸਬੰਧੀ ਸਪੱਸ਼ਟ ਨਹੀਂ ਕੀਤਾ ਜਾਂਦਾ ਕਿ ਭਰੇ ਗਏ ਸੈਂਪਲਾਂ ਦੀ ਕੀ ਬਣਿਆ? ਕੀ ਉਨ੍ਹਾਂ ਵਿੱਚੋਂ ਕੋਈ ਸੈਂਪਲ ਪਾਸ ਵੀ ਹੋਇਆ ਹੈ, ਜਿਹੜੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਦੇ ਮਾਮਲੇ ’ਚ ਕੀ ਕਾਰਵਾਈ ਕੀਤੀ ਗਈ ਹੈ?
ਸ੍ਰੀ ਕਾਕਾ ਦਾ ਕਹਿਣਾ ਸੀ ਕਿ ਮਿਲਾਵਟਖੋਰੀ ਕਾਰਨ ਲੋਕ ਗੁਰਦੇ, ਪੇਟ, ਲਿਵਰ, ਥਾਇਰਾਈਡ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਬਾਜ਼ਾਰਾਂ ਵਿੱਚ ਵਿਕਦੀਆਂ ਮਿਠਾਈਆਂ, ਘਿਓ, ਦੁੱਧ, ਸਰ੍ਹੋਂ ਦੇ ਤੇਲ, ਪਨੀਰ ਸਭ ’ਚ ਮਿਲਾਵਟ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਿਲਾਵਟਖੋਰਾਂ ’ਤੇ ਸਖ਼ਤ ਕਾਰਵਾਈ ਕਰਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਜਾਣ। ਇਸ ਮੌਕੇ ਗੁਰਜੀਤ ਸਿੰਘ, ਵਿਜੇ ਕੁਮਾਰ, ਜਗਤਾਰ ਸਿੰਘ, ਭਜਨਾ ਰਾਣਾ, ਸਰਵਨ ਕੁਮਾਰ, ਗੁਰਪ੍ਰੀਤ ਸਿੰਘ, ਕਰਮ ਸਿੰਘ, ਮਾਨ ਸਿੰਘ, ਹੈਪੀ ਰਾਣਾ, ਕਾਲਾ ਖਾਨ ਹਾਜ਼ਰ ਸਨ।