ਪੱਤਰ ਪ੍ਰੇਰਕ
ਘਨੌਰ, 27 ਜੁਲਾਈ
ਕਸਬਾ ਘਨੌਰ ਵਿੱਚ ਇੱਕ ਰਾਸ਼ਨ ਡਿੱਪੂ ਹੋਲਡਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਕੇਂਦਰੀ ਸਕੀਮ ਦੀ ਮੁਫ਼ਤ ਵੰਡੀ ਜਾਣ ਵਾਲੀ ਕਣਕ ਨਾ ਦੇਣ ’ਤੇ ਲੋੜਵੰਦ ਲਾਭਪਾਤਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਸਬਾ ਵਾਸੀ ਸੁਖਵਿੰਦਰ ਸਿੰਘ, ਪ੍ਰੇਮ ਸਿੰਘ, ਜਸਵੰਤ ਸਿੰਘ, ਦੀਦਾਰ ਸਿੰਘ ਅਤੇ ਗੁਰਮੀਤ ਸਿੰਘ ਸਮੇਤ ਹੋਰਾਂ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਹੇ ਹਨ। ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਤ ਰਾਸ਼ਨ ਡਿੱਪੂ ’ਤੇ ਕਰੀਬ ਦੋ ਹਫ਼ਤੇ ਪਹਿਲਾਂ ਤੋਂ ਕਣਕ ਪੁੱਜ ਚੁੱਕੀ ਹੈ ਅਤੇ ਕਣਕ ਲੈਣ ਲਈ ਉਹ ਵਾਰ-ਵਾਰ ਡਿੱਪੂ ਦੇ ਚੱਕਰ ਲਗਾ ਰਹੇ ਹਨ ਪਰ ਡਿੱਪੂ ਹੋਲਡਰ ਵਿਸ਼ਾਲ ਕੁਮਾਰ ਵੱਲੋਂ ਕਣਕ ਵੰਡਣ ਵਿੱਚ ਆਨਾਕਾਨੀ ਕਰਦਿਆਂ ਉਨ੍ਹਾਂ ਨੂੰ ਕਣਕ ਨਹੀਂ ਦਿੱਤੀ ਜਾ ਰਹੀ। ਇਸ ਸਬੰਧੀ ਸੰਪਰਕ ਕਰਨ ’ਤੇ ਡਿੱਪੂ ਹੋਲਡਰ ਵਿਸ਼ਾਲ ਕੁਮਾਰ ਦਾ ਕਹਿਣਾ ਹੈ ਕਿ ਈ-ਪੋਜ ਮਸ਼ੀਨ ਦਾ ਸਰਵਰ ਬੀ.ਐੱਸ.ਐੱਨ.ਐੱਲ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਦੋਂਕਿ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਦਾਅਵਾ ਕਰ ਰਹੇ ਹਨ ਕਿ ਕਸਬਾ ਘਨੌਰ ਦੇ ਸਾਰੇ ਲੋੜਵੰਦ ਲਾਭਪਾਤਰੀਆਂ ਨੂੰ ਕਣਕ ਵੰਡੀ ਜਾ ਚੁੱਕੀ ਹੈ।