ਪੱਤਰ ਪ੍ਰੇਰਕ
ਰਾਜਪੁਰਾ, 16 ਅਗਸਤ
ਰੱਖੜੀ ਦੇ ਤਿਉਹਾਰ ਮੌਕੇ ਉੱਲੀ ਲੱਗੀ ਬਰਫੀ ਵੇਚਣ ਤੋਂ ਰੋਸ ਵਜੋਂ ਕਿਸਾਨਾਂ ਨੇ ਇਥੋਂ ਦੇ ਮਸ਼ਹੂਰ ਮਠਿਆਈ ਦੀ ਦੁਕਾਨ ਸਾਹਮਣੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਕਾਰ ਸਿੰਘ ਢੀਂਡਸਾ, ਸੁਰਿੰਦਰ ਸਿੰਘ ਗੌਂਸਪੁਰ, ਹਰਪ੍ਰੀਤ ਸਿੰਘ ਬੰਟੀ, ਮੁਖਤਿਆਰੀ ਸਿੰਘ, ਰਾਮ ਕਰਨ ਅਤੇ ਅਜਾਇਬ ਸਿੰਘ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਸਿਹਤ ਵਿਭਾਗ ਪਾਸੋਂ ਉਕਤ ਹਲਵਾਈ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸੇ ਦੌਰਾਨ ਮੌਕੇ ’ਤੇ ਪੁੱਜੇ ਗੁਲਾਬ ਨਗਰ ਵਾਸੀ ਗੁਰਵਿੰਦਰਪਾਲ ਸਿੰਘ ਨੇ ਵੀ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਵੀ ਉਕਤ ਦੁਕਾਨ ਤੋਂ ਰੱਖੜੀ ਵਾਲੇ ਦਿਨ ਖਰੀਦੀ ਗਈ ਬਰਫੀ ਨੂੰ ਉੱਲੀ ਲੱਗੀ ਹੋਈ ਸੀ। ਇਸ ਸਬੰਧੀ ਸੰਪਰਕ ਕਰਨ ’ਤੇ ਮਠਿਆਈ ਦੀ ਦੁਕਾਨ ਦੇ ਪ੍ਰਬੰਧਕ ਗੌਰਵ ਖੁਰਾਣਾ ਦਾ ਕਹਿਣਾ ਸੀ ਕਿ ਬਰਫੀ ਖਰੀਦੀ ਨੂੰ 5-6 ਦਿਨ ਹੋ ਗਏ ਸਨ ਤੇ ਫਰਿੱਜ ਵਿੱਚ ਰੱਖਣ ਦੀ ਘਾਟ ਕਾਰਨ ਖੋਏ ਦੀ ਮਠਿਆਈ ਦਾ ਐਨੇ ਦਿਨਾਂ ਤੱਕ ਠੀਕ ਰਹਿਣਾ ਸੰਭਵ ਨਹੀਂ। ਜ਼ਿਲ੍ਹਾ ਸਿਹਤ ਅਫਸਰ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਉਕਤ ਦੁਕਾਨਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।