ਪੱਤਰ ਪ੍ਰੇਰਕ
ਸਮਾਣਾ 20 ਅਪਰੈਲ
ਪਸ਼ੂਆਂ ਦੇ ਚਾਰੇ ਵਜੋਂ ਵਰਤੀ ਜਾਂਦੀ ਤੂੜੀ ਦੀ ਕਾਲਾਬਾਜ਼ਾਰੀ ਕਾਰਨ ਪੰਜਾਬ ਭਰ ਵਿੱਚ ਕਿੱਲਤ ਨੇ ਲੋਕਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਤੂੜੀ ਨੂੰ ਹੁਣ ਫੈਕਟਰੀਆਂ, ਕਾਰਖਾਨਿਆਂ, ਭੱਠੀਆਂ ਅਤੇ ਮਿੱਲਾਂ ਵਿੱਚ ਬਾਲਣ ਦਾ ਕੰਮ ਲਿਆ ਜਾਣ ਲੱਗਾ ਹੈ। ਇਸ ਨਾਲ ਪਿੰਡਾਂ ਵਿੱਚ ਤੂੜੀ ਦੀਆਂ ਟਰਾਲੀਆਂ ਦਾ ਭਾਅ ਅਸਮਾਨੀ ਪਹੁੰਚ ਚੁੱਕਾ ਹੈ। ਪਿਛਲੇ ਸਾਲ ਜਿਹੜੀ ਟਰਾਲੀ 1500 ਰੁਪਏ ਪ੍ਰਤੀ ਟਰਾਲੀ ਸੀ, ਇਸ ਵਾਰ ਉਹ ਟਰਾਲੀ 4 ਹਜ਼ਾਰ ਤੋਂ 5 ਹਜ਼ਾਰ ਦੇ ਹਿਸਾਬ ਨਾਲ ਵੀ ਨਹੀਂ ਮਿਲ ਰਹੀ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਨੁਮਾਇੰਦਿਆਂ ਨੇ ਐੱਸਡੀਐੱਮ ਸਮਾਣਾ ਨੂੰ ਇਕ ਮੰਗ ਪੱਤਰ ਦੇ ਕੇ ਤੂੜੀ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪਿੰਡਾਂ ਵਿੱਚੋਂ ਭੂੰਗਾ ਵਾਲੀਆਂ ਟਰਾਲੀਆਂ ਭਰਨੀਆਂ ਬੰਦ ਕਰਵਾਈਆਂ ਜਾਣ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਸਮਾਣਾ ਪ੍ਰਧਾਨ ਗੁਰਨਾਮ ਸਿੰਘ ਢੈਂਠਲ, ਦਰਸ਼ਨ ਸਿੰਘ ਲਾਡੀ, ਯਾਦਵਿੰਦਰ ਸਿੰਘ ਕੂਕਾ, ਸੁਖਵਿੰਦਰ ਸਿੰਘ ਚੀਮਾ, ਬਖਵਿੰਦਰ ਸਿੰਘ ਸਾਹੀ, ਪ੍ਰਗਟ ਸਿੰਘ ਵਿਰਕ, ਗੁਰਵਿੰਦਰ ਸਿੰਘ, ਲਾਡੀ ਸਿੰਘ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਕਰਮਜੀਤ ਸਿੰਘ, ਸਣੇ ਹੋਰਨਾਂ ਆਗੂ ਮੌਜੂਦ ਸਨ।