ਪੱਤਰ ਪੇ੍ਰਕ
ਸਮਾਣਾ, 13 ਅਕਤੂਬਰ
ਸਮਾਣਾ-ਚੀਕਾ ਸੜਕ ’ਤੇ ਪਿਛਲੇ ਕਈ ਸਾਲਾਂ ਤੋਂ ਹਰਿਆਣਾ ਰਾਜ ਅਧੀਨ ਆਉਂਦੀ ਸੜਕ ਦੀ ਖਸਤਾ ਹਾਲਤ ਤੋਂ ਦੁਖੀ ਦਰਜਨਾ ਪਿੰਡਾਂ ਦੇ ਕਿਸਾਨਾਂ ਨੇ ਸੜਕ ’ਤੇ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਦਿਆਂ ਸੜਕ ਨੂੰ ਤੰਰੁਤ ਬਣਾਉਣ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਦੱਸਿਆ ਕਿ ਇਸ ਸੜਕ ’ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ। ਜਦੋਂ ਵੀ ਮੀਂਹ ਪੈਂਦਾ ਹੈ ਤਾਂ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ ਅਤੇ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਕਈ ਵਾਰ ਵਾਪਰੇ ਹਾਦਸਿਆ ਨਾਲ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਨਹੀਂ ਕਈ ਵਾਰ ਐੱਸ.ਡੀ.ਐੱਮ. ਚੀਕਾ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਜਿਸ ਕਾਰਨ ਉਨ੍ਹਾਂ ਨੂੰ ਮੁੜ ਧਰਨਾ ਲਗਾਉਣ ਲਈ ਮਜ਼ਬੂਰ ਹੋਣਾ ਪਿਆ ਹੈ। ਨਾਇਬ ਤਹਿਸੀਲਦਾਰ ਚੀਕਾ ਨੇ ਧਰਨੇ ਵਾਲੀ ਜਗ੍ਹਾ ’ਤੇ ਪਹੁੰਚ ਕੇ ਕਿਸਾਨਾਂ ਨੂੰ ਦੋ ਦਿਨਾਂ ਅੰਦਰ ਸੜਕ ਦੀ ਮੁਰੰਮਤ ਕਰਵਾਉਣ ਤੇ ਨਵੰਬਰ ਵਿੱਚ ਇਸ ਸੜਕ ਨੂੰ ਨਵਾਂ ਬਣਾਉਣ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ। ਇਸ ਮੌਕੇ ਕਿਸਾਨਾਂ ਨੇ ਮੰਗ ਪੱਤਰ ਵੀ ਤਹਿਸੀਲਦਾਰ ਨੂੰ ਦਿੱਤਾ। ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ, ਕ੍ਰਾਂਤੀਕਾਰੀ, ਚਢੂਨੀ, ਮਾਲਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਕਿਸਾਨ ਸੈੱਲ ਆਮ ਆਦਮੀ ਪਾਰਟੀ, ਗੁਰਪ੍ਰੀਤ ਸਿੰਘ, ਤਰਲੋਚਨ ਸਿੰਘ, ਜਸਕਰਨ ਸਿੰਘ, ਪਾਲ ਸਿੰਘ, ਚਮਕੋਰ ਸਿੰਘ, ਅਮਰੀਕ ਸਿੰਘ, ਹਰਪਾਲ ਸਿੰਘ ਸਰਪੰਚ ਬਦਨਪੁਰ, ਗਿੱਲ ਜਗਤਾਰ, ਜੋਧਾ ਸਰਪੰਚ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।