ਰਵੇਲ ਸਿੰਘ ਭਿੰਡਰ
ਪਟਿਆਲਾ, 3 ਜੁਲਾਈ
ਮਿੱਡ-ਡੇਅ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਉਕਤ ਕਰਮਚਾਰੀਆਂ ਨੂੰ ਫੁਹਾਰਾ ਚੌਕ ’ਤੇ ਰੋਕ ਲਿਆ। ਇਸ ਮੌਕੇ ਯੂਨੀਅਨ ਦੇ ਆਗੂ ਅਸ਼ੀਸ਼ ਜੁਲਾਹਾ, ਪਰਵੀਨ ਸ਼ਰਮਾ ਤੇ ਵਿਕਾਸ ਕੁਮਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੁਲਾਜ਼ਮਾਂ ਤੇ ਨੌਜਵਾਨਾ ਨਾਲ ਰੁਜ਼ਗਾਰ ਦੇਣ ਅਤੇ ਰੈਗੂਲਰ ਕਰਨ ਆਦਿ ਦੇ ਕਈ ਵਾਅਦੇ ਕੀਤੇ ਸਨ, ਪਰ ਚਾਰ ਸਾਲਾਂ ਮਗਰੋਂ ਵੀ ਲੋਕਾਂ ਪੱਲੇ ਕੁਝ ਨਹੀਂ ਪਿਆ। ਆਗੂਆਂ ਨੇ ਕਿਹਾ ਕਿ ਦਫ਼ਤਰੀ ਕਰਮਚਾਰੀਆ ਨੂੰ ਪੱਕਾ ਤਾਂ ਕੀ ਕਰਨਾ ਸੀ, ਉਲਟਾ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਕਰ ਦਿੱਤੀ ਗਈ ਹੈ ਅਤੇ ਦੂਰ-ਦੂਰਾਡੇ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਮੁਲਾਜ਼ਮਾਂ ਵੱਲੋਂ ਫੁਹਾਰਾ ਚੌਕ ਵਿੱਚ ਰੋਸ ਪ੍ਰਦਰਸ਼ਨ ਕਰਨ ਮਗਰੋਂ ਪ੍ਰਸ਼ਾਸਨ ਵੱਲੋਂ 20 ਜੁਲਾਈ ਨੂੰ ਪ੍ਰਨੀਤ ਕੌਰ ਨਾਲ ਪਟਿਆਲਾ ਵਿੱਚ ਮੀਟਿੰਗ ਦਾ ਲਿਖਤੀ ਭਰੋਸਾ ਦੁਆਇਆ ਗਿਆ। ਆਗੂਆਂ ਨੇ ਚਿਤਾਵਨੀ ਦਿੰਦਿਆਂ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮੁਲਾਜ਼ਮਾਂ ਵੱਲੋਂ ਚੰਡੀਗੜ ਸਥਿਤ ਮੁੱਖ ਮੰਤਰੀ ਨਿਵਾਸ ਅਤੇ ਦਿੱਲੀ ਰਾਹੁਲ ਗਾਂਧੀ ਦੇ ਨਿਵਾਸ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ਼ ਨਹੀ ਕਰਨਗੇ। ਇਸ ਮੌਕੇ ਚਮਕੌਰ ਸਿੰਘ, ਹਰਪ੍ਰੀਤ ਸਿੰਘ, ਦਵਿੰਦਰਜੀਤ ਸਿੰਘ, ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਿੱਡ-ਡੇਅ ਮੀਲ ਦਫ਼ਤਰੀ ਕਰਮਚਾਰੀ ਹਾਜ਼ਰ ਸਨ।