ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 13 ਜੁਲਾਈ
ਇਥੋਂ ਦੀ ਅਨਾਜ ਮੰਡੀ ਵਿੱਚ ਐਗਰੋ ਇਨਪੁਟ ਡੀਲਰਜ਼ ਐਸੋਸੀਏਸ਼ਨ ਰਾਜਪੁਰਾ ਵੱਲੋਂ ਸ਼ਾਮ ਸੁੰਦਰ ਵਧਵਾ, ਮਨਦੀਪ ਸਿੰਘ ਪੋਲਾ, ਜੀਵਨ ਗੁਪਤਾ ਅਤੇ ਰਾਕੇਸ਼ ਪਾਹਵਾ ਦੀ ਅਗਵਾਈ ਵਿੱਚ ਸੈਂਕੜੇ ਪੈਸਟੀਸਾਈਡ ਅਤੇ ਬੀਜ ਵਿਕਰੇਤਾਵਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਲਾਇਆ ਗਿਆ। ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਗ਼ੈਰਮਿਆਰੀ ਬੀਜ, ਖਾਦ ਅਤੇ ਦਵਾਈਆਂ ਵੇਚਣ ਦਾ ਦੋਸ਼ ਲਗਾ ਕੇ ਉਨ੍ਹਾਂ ਨੂੰ ਬਿਨਾਂ ਕਾਰਨ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਜਦੋਂਕਿ ਗ਼ੈਰਮਿਆਰੀ ਬੀਜ, ਖਾਦ ਅਤੇ ਦਵਾਈਆਂ ਲਈ ਦੁਕਾਨਦਾਰ/ ਡੀਲਰ ਨਹੀਂ, ਸਗੋਂ ਸਬੰਧਿਤ ਕੰਪਨੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ ਵਿੱਚੋਂ ਬੀਜ, ਖਾਦ ਸਮੇਤ ਦਵਾਈਆਂ ਦੇ ਸੈਂਪਲ ਭਰੇ ਜਾਂਦੇ ਹਨ। ਸੈਂਪਲ ਫੇਲ੍ਹ ਹੋ ਜਾਣ ਦੀ ਸੂਰਤ ਵਿੱਚ ਵਿਭਾਗ ਵੱਲੋਂ ਦੁਕਾਨਦਾਰਾਂ/ ਡੀਲਰਾਂ ਖਿਲਾਫ਼ ਹੀ ਕਾਰਵਾਈ ਕੀਤੀ ਜਾਂਦੀ ਹੈ। ਜਦੋਂਕਿ ਇਸ ਲਈ ਬੀਜ, ਖਾਦ, ਦਵਾਈਆ ਬਣਾਉਣ ਵਾਲੀਆਂ ਕੰਪਨੀਆਂ ਜ਼ਿੰਮੇਵਾਰ ਹਨ। ਉਨ੍ਹਾਂ ਮੰਗ ਕੀਤੀ ਕਿ ਸੈਂਪਲ ਫੇਲ੍ਹ ਹੋਣ ਦੀ ਸੂਰਤ ਵਿੱਚ ਸਬੰਧਤ ਕੰਪਨੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਮੋਟਰਸਾਈਕਲ ਮਾਰਚ ਕੱਢਿਆ
ਰਾਜਪੁਰਾ (ਪੱਤਰ ਪ੍ਰੇਰਕ): ਇਸ ਖੇਤਰ ਦੇ ਪਿੰਡ ਮਦਨਪੁਰ, ਚਲਹੇੜੀ ਅਤੇ ਥੂਹਾ ਵਾਸੀ ਕਿਸਾਨਾਂ ਵੱਲੋਂ ਸੂਰਜਮੁਖੀ ਦਾ ਘਟੀਆ ਬੀਜ ਵੇਚਣ ਦੇ ਮਾਮਲੇ ਵਿੱਚ ਨਾਮਜ਼ਦ ਤਿੰਨ ਦੁਕਾਨਦਾਰਾਂ ਤੇ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਖ਼ਿਲਾਫ਼ ਕਾਰਵਾਈ ਅਤੇ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇਥੋਂ ਦੇ ਫੁਹਾਰਾ ਚੌਕ ਵਿੱਚ ਧਰਨਾ 10ਵੇਂ ਦਿਨ ਵੀ ਜਾਰੀ ਰਿਹਾ। ਪਿੰਡਾਂ ਵਿੱਚ ਲਾਮਬੰਦੀ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇਜਿੰਦਰ ਸਿੰਘ ਹਾਸ਼ਮਪੁਰ ਅਤੇ ਸੁਖਵਿੰਦਰ ਸਿੰਘ ਚਲਹੇੜੀ ਦੀ ਅਗਵਾਈ ਵਿੱਚ ਰਾਜਪੁਰਾ-ਅੰਬਾਲਾ ਜੀ.ਟੀ ਰੋਡ ਦੇ ਘਨੌਰ ਟੀ ਪੁਆਇੰਟ ਤੋਂ ਪਿੰਡ ਘੱਗਰ ਸਰਾਏ, ਘੜਾਮਾਂ, ਹਸਨਪੁਰ, ਸੰਧਾਰਸੀ, ਮੋਹੀ ਸਮੇਤ ਦਰਜਨਾਂ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੱਢਿਆ ਗਿਆ।