ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਗਸਤ
ਪੀ.ਆਰ.ਟੀ.ਸੀ ਮੁਲਾਜ਼ਮਾਂ ਦੀਆਂ ਛੇ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਇਥੇ ਪੀਆਰਟੀਸੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਇਥੋਂ ਦੇ ਮੁੱਖ ਬੱਸ ਅੱਡੇ ਵਿਚ ਵੀ ਝੰਡਿਆਂ ਨਾਲ ਲੈਸ ਹੋ ਕੇ ਮੁਲਾਜ਼ਮਾਂ ਨੇ ਰੋਸ ਮਾਰਚ ਕੀਤਾ।
ਇਸ ਮੌਕੇ ਜੁੜੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਇਕੱਤਰਤਾ ਨੂੰ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ, ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਗੁਰਜੰਟ ਸਿੰਘ, ਤਰਸੇਮ ਸਿੰਘ ਅਤੇ ਉੱਤਮ ਸਿੰਘ ਬਾਗੜੀ ਸਮੇਤ ਹੋਰਾਂ ਨੇ ਵੀ ਸੰਬੋਧਨ ਕੀਤਾ ਜਿਨ੍ਹਾਂ ਦਾ ਕਹਿਣਾ ਸੀ ਕਿ ਪੀਆਰਟੀਸੀ 25 ਅਗਸਤ ਤੱਕ ਵੀ ਪਿਛਲੇ ਮਹੀਨੇ ਦੀ ਨਾ ਹੀ ਤਨਖ਼ਾਹ ਦਿੱਤੀ ਹੈ ਤੇ ਨਾ ਹੀ ਪੈਨਸ਼ਨ। ਬੁਲਾਰਿਆਂ ਦਾ ਕਹਿਣਾ ਸੀ ਕਿ ‘ਆਪ’ ਭਾਵੇਂ ਕਿ ਬਾਹਰ ਰਹਿੰਦਿਆਂ ਤਾਂ ਵੱਡੇ ਵੱਡੇ ਦਮਗਜੇ ਮਾਰਦੀ ਰਹੀ ਹੈ। ਪਰ ਹੁਣ ਸਭ ਤੋਂ ਜ਼ਰੂਰੀ ਅਤੇ ਬੁਨਿਆਦੀ ਹੱਕ ਤਨਖਾਹ ਅਤੇ ਪੈਨਸ਼ਨਾਂ ਤੱਕ ਵੀ ਮਿਲਣੀਆਂ ਬੰਦ ਹੋ ਗਈਆਂ ਹਨ। ਅਜਿਹੀ ਕਾਰਵਾਈ ਨੂੰ ਕਿਸੇ ਵੀ ਸਰਕਾਰ ਦੀ ਸਭ ਤੋਂ ਵੱਡੀ ਨਾਲਾਇਕੀ ਦੱਸਦਿਆਂ ਮੁਲਾਜ਼ਮ ਆਗੂਆਂ ਦਾ ਕਹਿਣਾ ਸੀ ਕਿ ਇਹ ਹੋਰ ਵੀ ਸ਼ਰਮਨਾਕ ਗੱਲ ਹੈ ਕਿ ਅਜਿਹੇ ਗੰਭੀਰ ਹਾਲਾਤ ਆਪ ਸਰਕਾਰ ਦੀ ਪਹਿਲੀ ਛਿਮਾਹੀ ’ਚ ਹੀ ਬਣ ਗਏ ਹਨ। ਕਨਵੀਨਰ ਨਿਰਮਲ ਧਾਲੀਵਾਲ ਦਾ ਕਹਿਣਾ ਸੀ ਕਿ ਕਾਂਗਰਸ ਦੀ ਤਰ੍ਹਾਂ ਹੀ ਆਪ ਸਰਕਾਰ ਨੇ ਵੀ ਮਹਿਲਾਵਾਂ ਦੀ ਮੁਫ਼ਤ ਬੱਸ ਸਫਰ ਸੁਵਿਧਾ ਜਾਰੀ ਰੱਖੀ ਹੋਈ ਹੈ ਜਿਸ ’ਤੇ ਮੁਲਾਜ਼ਮਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੈ। ਪਰ ਆਪ ਸਰਕਾਰ ਨੇ ਆਪਣੀ ਪਲੇਠੀ ਛਿਮਾਹੀ ਦੌਰਾਨ ਹੁਣ ਤੱਕ ਅਜਿਹੇ ਕਿਰਾਏ ਦੀ ਭਰਪਾਈ ਲਈ ਇੱੱਕ ਵੀ ਕਿਸ਼ਤ ਚੁਕਤਾ ਨਹੀਂ ਕੀਤੀ ਜਿਸ ਦਾ ਖਮਿਆਜ਼ਾ ਪੀਆਰਟੀਸੀ ਦੇ ਮੁਲ਼ਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਭੁਗਤਣਾ ਪੈ ਰਿਹਾ ਹੈ। ਕਿਉਂਕਿ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਹੀ ਪੀਆਰਟੀਸੀ ਨੂੰ ਅਜਿਹੇ ਮੁਫ਼ਤ ਬੱਸ ਸਫਰ ਸਬੰਧੀ ਕਿਰਾਏ ਦਾ ਭੁਗਤਾਨ ਨਾ ਕਰਨ ਕਰਕੇ ਮੈਨੇਜਮੈਂਟ ਦੇ ਤਨਖਾਹਾਂ ਤੋਂ ਵੀ ਹੱਥ ਖੜ੍ਹੇ ਹੋ ਗਏ ਹਨ। ਬੁਲਾਰਿਆਂ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਦੀਆਂ ਨਾ ਸਿਰਫ਼ ਤਨਖਾਹਾਂ ਬਲਕਿ ਹੋਰ ਬਕਾਏ ਵੀ ਮੈਨੇਜਮੈਂਟ ਵੱਲੋਂ ਚਿਰਾਂ ਤੋਂ ਖੜ੍ਹੇ ਹਨ। ਨਿਰਮਲ ਧਾਲ਼ੀਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਜੇ ਵੀ ਸੁਧਾਰ ਨਾ ਕੀਤਾ, ਤਾਂ ਅਗਲੇ ਦਿਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਰਣਨੀਤੀ ਉਲੀਕੀ ਜਾਵੇਗੀ।