ਖੇਤਰੀ ਪ੍ਰਤੀਨਿਧ
ਪਟਿਆਲਾ, 1 ਅਕਤੂਬਰ
ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਘਰ ਆ ਕੇ ਕੀਤੇ ਗਏ ਹਮਲੇ ਦੌਰਾਨ ਸਨੌਰ ਪੁਲੀਸ ’ਤੇ ਢਿੱਲੀ ਕਾਰਵਾਈ ਕਰਨ ਦੇ ਦੋਸ਼ ਲਾਉਂਦਿਆਂ ਬਿਸ਼ਨਗੜ੍ਹ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਜਾਗਦੇ ਰਹੋ ਨੇ ਅੱਜ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਇਥੇ ਮਿਨੀ ਸਕੱਤਰੇਤ ਕੰਪਲੈਕਸ ਵਿੱਚ ਸਥਿਤ ਡਾ. ਅੰਬੇਦਕਰ ਦੇ ਬੁੱਤ ਕੋਲ ਧਰਨਾ ਦਿੱਤਾ। ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਪਿਛਲੇ ਦਿਨੀ ਉਸ ਦੇ ਘਰ ’ਤੇ ਹਮਲਾ ਕਰਕੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਜ਼ਖ਼ਮੀ ਕਰਨ ਸਮੇਤ ਘਰ ਦੀ ਤੋੜਭੰਨ੍ਹ ਕੀਤੀ। ਪਰ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਹਲਕੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ। ਅਮਰਜੀਤ ਸਿੰਘ ਦਾ ਤਰਕ ਹੈ ਕਿ ਉਸ ਦੀ ਲੜਕੀ ਦੇ ਸਿਰ ’ਚ ਸੱਟ ਵੱਜਣ ਕਾਰਨ ਚਾਰ ਟਾਂਕੇ ਲੱਗੇ ਹਨ। ਉਸ ਦੀ ਗਰਭਵਤੀ ਨੂੰਹ ਦੀ ਵੀ ਮੁਲਜ਼ਮਾਂ ਨੇ ਕੁੱਟਮਾਰ ਕੀਤੀ। ਬਾਵਜੂਦ ਇਸ ਦੇ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਨਰਮ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਉਧਰ ਥਾਣਾ ਸਨੌਰ ਦੇ ਐੱਸਐੱਚਓ ਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਇਹ ਦੋਵਾਂ ਧਿਰਾਂ ਦਾ ਥਾਂ ਨੂੰ ਲੈ ਕੇ ਪਰਿਵਾਰਕ ਝਗੜਾ ਹੈ। ਪਰ ਪੁਲੀਸ ਨੇ ਘਟਨਾ ਦੇ ਹਾਲਾਤਾਂ ਤੇ ਕਾਨੂੰਨ ਮੁਤਾਬਿਕ ਜੋ ਵੀ ਧਾਰਾਵਾਂ ਬਣਦੀਆਂ ਸਨ, ਮੁਤਾਬਿਕ ਕੇਸ ਦਰਜ ਕਰਕੇ ਅਗਲੀ ਬਣਦੀ ਕਾਰਵਾਈ ਵੀ ਕੀਤੀ ਹੈ। ਥਾਣਾਂ ਮੁਖੀ ਨੇ ਢਿੱਲੀ ਕਾਰਵਾਈ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।