ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਸਤੰਬਰ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ’ਤੇ 13 ਸਤੰਬਰ ਤੋਂ 25 ਸਤੰਬਰ ਤੱਕ ਸਰਕਾਰ ਨੂੰ ਮੰਗ ਪੱਤਰ ਦੇਣ ਦੀ ਕੜੀ ਤਹਿਤ ਅੱਜ ਜੰਗਲਾਤ ਵਰਕਰਜ਼ ਯੂਨੀਅਨ ਜ਼ਿਲ੍ਹਾ ਪਟਿਆਲਾ ਵੱਲੋਂ ਜਸਵਿੰਦਰ ਸੋਜਾ, ਸ਼ੇਰ ਸਿੰਘ ਸਰਹਿੰਦ, ਭਿੰਦਰ ਘੱਗਾ, ਜਗਤਾਰ ਸਿੰਘ ਨਾਭਾ, ਜੋਗਾ ਸਿੰਘ ਭਾਦਸੋਂ ਅਤੇ ਨਰੇਸ਼ ਪਟਿਆਲਾ ਦੀ ਅਗਵਾਈ ਹੇਠ ਰੋਸ ਮਾਰਚ ਕਰ ਕੇ ਧਰਨਾ ਦਿੱਤਾ ਗਿਆ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਆਪਣੇ ਝੰਡੇ ਤੇ ਬੈਨਰਾਂ ਨਾਲ ਲੈਸ ਹੋ ਕੇ ਧਰਨੇ ਵਿੱਚ ਪੁੱਜੇ।
ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਦਰਸ਼ਨ ਬੇਲੂ ਮਾਜਰਾ ਲਖਵਿੰਦਰ ਖ਼ਾਨਪੁਰ, ਰਾਜਿੰਦਰ ਧਾਲੀਵਾਲ, ਮਾਸਟਰ ਮੱਘਰ ਸਿੰਘ, ਬੀਰੂ ਰਾਮ ਤੇ ਭਜਨ ਸਿੰਘ ਰੋਹਟੀ ਨੇ ਕਿਹਾ ਕਿ ਲੋਕਾਂ ਨਾਲ ਲਭਾਉਣੇ ਵਾਅਦੇ ਕਰਨ ਵਾਲੀ ਸਰਕਾਰ ਨੇ ਲਗਪਗ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਜੰਗਲਾਤ ਦਾ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ, ਜਿਸ ਕਾਰਨ ਜੰਗਲਾਤ ਕਾਮਿਆਂ ਵਿੱਚ ਭਾਰੀ ਰੋਸ ਹੈ। ਜੇਕਰ ਸਰਕਾਰ ਨੇ ਜੰਗਲਾਤ ਕਾਮਿਆਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਜੰਗਲਾਤ ਕਾਮਿਆਂ ਦੇ ਰੋਹ ਦਾ ਟਾਕਰਾ ਕਰਨਾ ਪਵੇਗਾ। ਇਕੱਤਰ ਹੋਏ ਕਾਮਿਆਂ ਨੇ ਵਣ ਮੰਡਲ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵੱਲ ਝੰਡਾ ਮਾਰਚ ਕਰਦੇ ਹੋਏ ਮੰਗ ਪੱਤਰ ਐੱਸਡੀਐੱਮ ਅਰਵਿੰਦ ਕੁਮਾਰ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ। ਉਨ੍ਹਾਂ ਫ਼ੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਦੋ ਧੀਰੀ ਗੱਲਬਾਤ ਕਰਕੇ ਜੰਗਲਾਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਕਾਮੇ ਪੱਕੇ ਨਾ ਕੀਤੇ ਤੇ ਹੋਰ ਮੰਗਾਂ ਦਾ ਹੱਲ ਨਾ ਕੀਤਾ ਤਾਂ 28 ਸਤੰਬਰ ਨੂੰ ਵਿੱਤ ਮੰਤਰੀ ਪੰਜਾਬ ਦੇ ਹਲਕਾ ਦਿੜ੍ਹਬਾ ਵਿੱਚ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਝੰਡਾ ਮਾਰਚ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਸੁਮੇਲ ਖ਼ਾਨ ਭਾਦਸੋਂ, ਸ਼ਮਸ਼ੇਰ ਸਿੰਘ, ਬਲਕਾਰ ਧਾਮੋਮਾਜਰਾ, ਪਰਮਜੀਤ ਕੌਰ, ਕੁਲਦੀਪ ਕੌਰ, ਕਿਰਨਾ ਨਾਭਾ, ਨਾਜਮਾ ਬੇਗ਼ਮ ਨੇ ਸੰਬੋਧਨ ਕੀਤਾ। ਮੁਲਾਜ਼ਮ ਆਗੂਆਂ ਨੇ ਕਿਹਾ ਕਿ 26 ਸਤੰਬਰ ਨੂੰ ਸਰਕਾਰ ਦੇ ਖ਼ਿਲਾਫ਼ ਵੱਖ-ਵੱਖ ਜਗ੍ਹਾ ’ਤੇ ਵਿਰੋਧ ਦਿਵਸ ਮਨਾਏ ਜਾਣਗੇ ਅਤੇ 2 ਅਕਤੂਬਰ ਨੂੰ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਨੂੰ ਭਾਜ ਦੇਣ ਲਈ ਵਿਧਾਨ ਸਭਾ ਚੋਣਾਂ ਦੌਰਾਨ ਹਰਿਆਣਾ ਦੇ ਸ਼ਹਿਰ ਅੰਬਾਲਾ ਵਿੱਚ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫ਼ਰੰਟ ਵੱਲੋਂ ਜੋ 2 ਅਕਤੂਬਰ ਨੂੰ ਧਰਨਾ ਦੇ ਕੇ ਝੰਡਾ ਮਾਰਚ ਕੀਤਾ ਜਾ ਰਿਹਾ ਉਸ ਵਿੱਚ ਫੈਡਰੇਸ਼ਨ ਨਾਲ ਸਬੰਧਿਤ ਸੈਂਕੜੇ ਕਾਮੇ ਸ਼ਮੂਲੀਅਤ ਕਰਨਗੇ।