ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ‘30 ਸਤੰਬਰ ਨੂੰ ਡੀਸੀ ਦਫ਼ਤਰ ਸੰਗਰੂਰ ਪਹੁੰਚੋ’ ਧਰਨੇ ਦੀ ਤਿਆਰੀ ਤਹਿਤ ਸੁਨਾਮ ਬਲਾਕ ਦੇ ਪਿੰਡਾਂ ਵਿੱਚ ਅੱਜ ਮੀਟਿੰਗਾਂ ਤੇ ਰੈਲੀਆਂ ਕੀਤੀਆਂ। ਨੇੜਲੇ ਪਿੰਡ ਖਡਿਆਲ ’ਚ ਅੱਜ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰਾਂ ਨੇ ਹੁਕਮਰਾਨ ਸਰਕਾਰ ਉੱਤੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਪ੍ਰਧਾਨ ਬਲਜੀਤ ਨਮੋਲ, ਜ਼ਿਲ੍ਹਾ ਆਗੂ ਜਰਨੈਲ ਸਿੰਘ, ਬਵਲੀ ਖਡਿਆਲ ਨੇ ਕਿਹਾ ਕਿ 30 ਸਤੰਬਰ ਨੂੰ ਡੀਸੀ ਦਫ਼ਤਰ ਸੰਗਰੂਰ ਅੱਗੇ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਸਬੰਧੀ ਪਿੰਡ ਬਿਗੜਵਾਲ, ਫਤਿਹਗੜ੍ਹ, ਨਮੋਲ, ਸ਼ੇਰੋਂ, ਸੁਨਾਮ ਟਿੱਬੀ ਆਦਿ ਵਿੱਚ ਮੀਟਿੰਗਾਂ/ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ 28 ਸਤੰਬਰ ਨੂੰ ਵਧਵੀਂ ਮੀਟਿੰਗ ਕਰ ਕੇ ਸੰਗਰੂਰ ਜ਼ਿਲ੍ਹੇ ਦੇ ਅੰਦਰ ਪਿੰਡਾਂ ਵਿੱਚ ਬਕਾਇਦਾ ਤੌਰ ’ਤੇ ਤਿਆਰੀ ਦਾ ਜਾਇਜ਼ਾ ਲਿਆ ਜਾਵੇਗਾ।
ਬੇਅੰਤ ਕੌਰ ਨੇ ਕਿਹਾ ਕਿ ਤਿੱਖੇ ਸੰਘਰਸ਼ਾਂ ਤੋਂ ਬਿਨਾਂ ਮਜ਼ਦੂਰ ਮੰਗਾਂ ਲਾਗੂ ਕਰਵਾਉਣੀਆਂ ਸੰਭਵ ਨਹੀਂ ਹਨ। ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ ਖਤਮ ਕੀਤੇ ਬਿਨਾਂ ਦਲਿਤਾਂ ਦੀ ਮੁਕਤੀ ਸੰਭਵ ਨਹੀਂ ਹੈ। ਇਸ ਲਈ ਜ਼ਮੀਨ ਦੇ ਸਵਾਲ ਨੂੰ ਸੰਬੋਧਨ ਹੋਣਾ ਸਮੇਂ ਦੀ ਅਹਿਮ ਲੋੜ ਹੈ। 100 ਦਿਨ ਦੇ ਰੁਜ਼ਗਾਰ ਦੀ ਗਰੰਟੀ ਹੋਣ ਦੇ ਬਾਵਜੂਦ ਕੰਮ ਸਿਰਫ਼ ਨਾਮਾਤਰ ਹੀ ਮਿਲਦਾ ਹੈ। ਕੰਮਕਾਰ ਨਾ ਦੇਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦੇਣ ਦੀ ਗਰੰਟੀ ਦਾ ਨਿਯਮ ਮਜ਼ਦੂਰਾਂ ਲਈ ਕੌਝਾ ਮਜ਼ਾਕ ਬਣ ਕੇ ਰਹਿ ਚੁੱਕਾ ਹੈ। ਪਰ ਭੱਤਾ ਤਾਂ ਕਾਮਿਆਂ ਲਈ ਸੁਪਨਾ ਬਣ ਕੇ ਰਹਿ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਤਿੱਖੇ ਸੰਘਰਸਾਂ ਦੇ ਰਾਹ ਪੈਣ ਦੀ ਅਹਿਮ ਲੋੜ ਹੈ।