ਅਸ਼ਵਨੀ ਗਰਗ
ਸਮਾਣਾ, 4 ਦਸੰਬਰ
ਅਗਾਮੀ ਚੋਣਾਂ ਨੂੰ ਮੁੱਖ ਰਖਦਿਆਂ ਆਏ ਦਿਨ ਦੇ ਲੱਗ ਰਹੇ ਧਰਨਿਆਂ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀ ਸਾਰ ਨਹੀਂ ਲੈ ਰਿਹਾ। ਪ੍ਰਸ਼ਾਸਨ ਨੇ ਤਾਂ ਆਪਣੀ ਜ਼ਿੰਮੇਵਾਰੀ ਤੋਂ ਪੁਰੀ ਤਰ੍ਹਾਂ ਪੱਲਾ ਝਾੜਿਆ ਹੋਇਆ ਹੈ ਜਿਸ ਕਾਰਨ ਆਮ ਜਨਤਾ ਦੇ ਪੱਲੇ ਖ਼ੁਆਰੀਆਂ ਹੀ ਪੈ ਰਹੀਆਂ ਹਨ।
ਇੱਥੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਚ ਲੱਗੇ ਧਰਨੇ ਕਾਰਨ ਲੋਕ ਖੱਜਲ ਹੁੰਦੇ ਰਹੇ। ਇਸ ਦੌਰਾਨ ਆਪਣੀ ਨੂੰਹ ਤੇ ਪੋਤੇ ਨਾਲ ਪਾਤੜਾਂ ਤੋਂ ਪਟਿਆਲਾ ਜਾਣ ਲਈ ਘਰੋਂ ਤੁਰੀ ਗੁਰਨਾਮ ਕੌਰ ਨੂੰ ਬੱਸ ਨੇ ਕਰੀਬ ਦੋ ਕਿਲੋਮੀਟਰ ਦੂਰ ਉਤਾਰ ਦਿੱਤਾ। ਬਜ਼ੁਰਗ ਗੁਰਨਾਮ ਕੌਰ ਸਿਰ ’ਤੇ ਸਾਮਾਨ ਰੱਖ ਕੇ ਅਤੇ ਉਸ ਦੀ ਨੂੰਹ ਆਪਣੇ 4-5 ਸਾਲ ਦੇ ਬੱਚੇ ਨੂੰ ਚੁੱਕ ਕੇ ਬੱਸ ਅੱਡੇ ਤੁਰ ਕੇ ਜਾਣ ਲਈ ਮਜਬੂਰ ਹੋ ਗਈਆਂ। ਜ਼ਿਕਰਯੋਗ ਹੈ ਕਿ ਇੱਥੇ ਕੇਵਲ ਗੁਰਨਾਮ ਕੌਰ ਹੀ ਨਹੀਂ ਹੋਰ ਵੱਡੀ ਗਿਣਤੀ ਲੋਕ ਆਪਣੀ ਮੰਜ਼ਿਲ ’ਤੇ ਜਾਣ ਲਈ ਖੱਜਲ ਹੁੰਦੇ ਰਹੇ।
ਇਸ ਸਬੰਧੀ ਐਸਡੀਐਮ ਸਮਾਣਾ ਸਵਾਤੀ ਟਿਵਾਣਾ ਅਤੇ ਪੁਲੀਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਕਿਸੇ ਨੇ ਵੀ ਇਸ ਨੂੰ ਆਪਣੀ ਜ਼ਿੰਮੇਵਾਰੀ ਹੋਣ ਤੋਂ ਪੱਲਾ ਝਾੜਦੇ ਹੋਏ ਇੱਕ-ਦੂਜੇ ’ਤੇ ਗੱਲ ਸੁੱਟ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਧਰਨੇ ਪ੍ਰਦਰਸ਼ਨ ਲਈ ਜਗ੍ਹਾ ਫਿਕਸ ਕੀਤੀ ਹੋਈ ਹੈ ਪਰ ਕੋਈ ਉੱਥੇ ਜਾਂਦਾ ਹੀ ਨਹੀਂ। ਐਸਡੀਐਮ ਨੇ ਕਿਹਾ ਕਿ ਟਰੈਫਿਕ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਟਰੈਫਿਕ ਪੁਲੀਸ ਦੀ ਹੈ। ਇਸ ਬਾਰੇ ਜਦੋਂ ਡੀਐਸਪੀ ਸਮਾਣਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਬੰਦ ਹੋਣ ਕਾਰਨ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।