ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 7 ਅਗਸਤ
ਟੈਕਨੀਕਲ ਸਰਵਿਸ ਯੂਨੀਅਨ ਅਤੇ ਪੈਨਸ਼ਨਰ ਐਸੋਸੀਏਸ਼ਨ ਨੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਪੰਜਾਬ ਦੇ ਸੱਦੇ ’ਤੇ ਡਿਵੀਜ਼ਨ ਰਾਜਪੁਰਾ ਵਿੱਚ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦਿਆਂ ਦੀ ਪੰਡ ਫੂਕੀ। ਅਰਥੀ ਫ਼ੂਕ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰੈੱਸ ਸਕੱਤਰ ਗੁਰਦੀਪ ਸਿੰਘ ਸੈਦਖੇੜੀ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮਾਂ ਦੇ ਮਸਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਹਨ। ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੰਗਾਂ ਮੰਨਣ ਦਾ ਵਾਅਦਾ ਤਾਂ ਕੀਤਾ ਜਾਂਦਾ ਹੈ ਪਰ ਹਰ ਵਾਰ ਮੀਟਿੰਗਾਂ ਦੀ ਤਰੀਕ ਅੱਗੇ ਪਾ ਦਿੱਤੀ ਜਾਂਦੀ ਹੈ। ਇਸ ਸਬੰਧੀ ਹੋਈ ਮੀਟਿੰਗ ਵਿਚ ਰਣਜੀਤ ਸਿੰਘ, ਨਰੇਸ਼ ਕੁਮਾਰ ਤੇ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ, ਕਰਮ ਦਾਸ ਪੰਨਵਾ, ਸੁਰਿੰਦਰ ਕੁਮਾਰ ਅਤੇ ਸੁਖਦੇਵ ਸਿੰਘ ਭਵਾਨੀਗੜ੍ਹ ਨੇ ਸੰਬੋਧਨ ਕੀਤਾ।
ਪਟਿਆਲਾ (ਪੱਤਰ ਪ੍ਰੇਰਕ): ਮੁਲਾਜ਼ਮਾਂ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੱਦੇ ’ਤੇ ਪੈਨਸ਼ਨਰਾਂ ਅਤੇ ਕੱਚੇ ਮੁਲਾਜ਼ਮਾਂ ਨੇ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਵਿਸ਼ਾਲ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦੇ ਝੂਠ ਲਾਰਿਆਂ ਦੀ ਪੰਡ ਐੱਸਡੀਐੱਮ ਦਫ਼ਤਰ ਪਹੁੰਚ ਕੇ ਅਗਨ ਭੇਟ ਕੀਤੀ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਰਾਜਿੰਦਰ ਸਿੰਘ, ਸੰਤੋਖ ਸਿੰਘ ਬੋਪਾਰਾਏ, ਜਗਮੋਹਨ ਨੌਲੱਖਾ, ਭਿੰਡਰ ਸਿੰਘ, ਕਮਲਜੀਤ ਸਿੰਘ ਤੇ ਲਖਮੀਰ ਸਿੰਘ ਆਦਿ ਹਾਜ਼ਰ ਸਨ।
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ’ਤੇ ਸੁਨਾਮ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਆਈਟੀਆਈ ਚੌਕ ਵਿੱਚ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਜਗਦੇਵ ਸਿੰਘ ਬਾਹੀਆ, ਰਾਮ ਸਰੂਪ ਢੈਪਈ, ਹਰਮੇਲ ਸਿੰਘ ਮਹਿਰੋਕ, ਜੀਤ ਸਿੰਘ ਬੰਗਾ, ਭੁਪਿੰਦਰ ਸਿੰਘ, ਛਾਜਲੀ, ਹਜੂਰਾ ਸਿੰਘ, ਧਰਮ ਸਿੰਘ ਤੇ ਸੁਰਿੰਦਰ ਸਿੰਘ ਨੇ ਸੰਬੋਧਨ ਕੀਤਾ।