ਖੇਤਰੀ ਪ੍ਰਤੀਨਿਧ
ਪਟਿਆਲਾ, 1 ਜੂਨ
ਰਾਜਪੁਰਾ ਰੋਡ ’ਤੇ ਸਥਿਤ ਧਰੇੜੀ ਜੱਟਾਂ ਟੌਲ ਪਲਾਜ਼ਾ ਦੇ ਆਸ-ਪਾਸ ਪੰਜ ਕਿਲੋਮੀਟਰ ਦੇ ਘੇਰੇ ’ਚ ਆਉਂਦੇ ਦੋ ਦਰਜਨ ਪਿੰਡਾਂ ਦੇ ਲੋਕਾਂ ਵੱੱਲੋਂ ਪਹਿਲਾਂ ਦੀ ਤਰ੍ਹਾਂ ਹੀ ਪਾਸ ਸਵਿਧਾ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਟੌਲ ਪਲਾਜ਼ੇ ’ਤੇ ਸ਼ੁਰੂ ਕੀਤਾ ਗਿਆ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਜਿਥੇ ਕੰਪਨੀ ਨੂੰ ਵਿੱਤੀ ਨੁਕਸਾਨ ਵਧ ਰਿਹਾ ਹੈ, ਉਧਰ ਕਿਸਾਨ ਅਤੇ ਆਮ ਲੋਕ ਵੀ ਇਥੇ ਦਿਨ ਰਾਤ ਦਾ ਪਹਿਰਾ ਦੇ ਰਹੇ ਹਨ। ਜਿਕਰਯੋਗ ਹੈ ਕਿ ਪਿਛਲੇ ਮਹੀਨੇ ਇਥੇ ਪ੍ਰਬੰਧਕੀ ਕੰਪਨੀ ਨਵੀਂ ਆ ਗਈ ਹੈ ਜਿਸ ਦਾ ਤਰਕ ਹੈ ਕਿ ਉਹ ਸਿਰਫ਼ ਇੱਕ ਹੀ ਧਰੇੜੀ ਜੱਟਾਂ ਪਿੰਡ ਦੇ ਨਾਗਰਿਕਾਂ ਲਈ ਪਾਸ ਦੀ ਸੁਵਿਧਾ ਦੇ ਸਕਦੇ ਹਨ। ਪਰ ਇਲਾਕੇ ਦੇ ਡੀਐਸਪੀ ਸੁਖਮਿੰਦਰ ਸਿੰਘ ਚੌਹਾਨ ਦੇ ਦਖਲ ਨਾਲ ਕੰਪਨੀ ਨੇ ਇਹ ਦਾਇਰਾ ਇੱਕ ਤੋਂ ਛੇ ਪਿੰਡਾਂ ਤੱਕ ਵਧਾਉਣ ਲਈ ਹੀ ਵਿਚਾਰ ਕਰਨ ਦੀ ਹਾਮੀ ਭਰ ਦਿਤੀ ਸੀ। ਪਰ ਕਿਸਾਨ ਆਗੂਆਂ ਦਾ ਤਰਕ ਹੈ ਕਿ ਉਹ ਤਾਂ ਪਹਿਲਾਂ ਦੀ ਤਰ੍ਹਾਂ ਹੀ 25 ਪਿੰਡਾਂ ਲਈ ਪਾਸ ਸੁਵਿਧਾ ਦਿੱਤੀ ਜਾਵੇ।ਧਰਨੇ ’ਚ ਪੁੱਜੇ ਕਿਸਾਨ ਮੰਚ ਦੇ ਕੌਮੀ ਪ੍ਰ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਐਲਾਨ ਕੀਤਾ ਕਿ ਜੇਕਰ ਪਹਿਲਾਂ ਵਾਲੀ ਪਾਸ ਸੁਵਿਧਾ ਬਹਾਲ ਨਾ ਕੀਤੀ ਗਈ, ਤਾਂ ਉਹ ਟੌਲ ਪਲਾਜੇ ਬੰਦ ਕਰਵਾਓਣ ਦੀ ਮੁਹਿੰਮ ਨੂੰ ਪੰਜਾਬ ਤੱਕ ਵੀ ਲਿਜਾਅ ਸਕਦੇ ਹਨ। ਧਰਨੇ ’ਚ ਮਨਜੀਤ ਸਿੰਘ ਕੌਲੀ, ਸਵਰਨ ਧਰੇੜੀ ਤੇ ਗਿਆਨ ਸਿੰਘ ਰਾਏਪੁਰ, ਮੱਖਣ ਸਿੰਘ ਦੌਣ, ਜਸਵਿੰਦਰ ਕੌਰ ਦੌਣ ਸਮੇਤ ਕਈ ਆਗੂ ਮੌਜੂਦ ਹਨ।