ਪੱਤਰ ਪ੍ਰੇਰਕ
ਪਟਿਆਲਾ, 21 ਅਗਸਤ
ਕੋਲਕਾਤਾ ਵਿੱਚ ਡਾਕਟਰ ਨਾਲ ਹੋਏ ਘਿਨਾਉਣੇ ਜਬਰ-ਜਨਾਹ ਤੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਹਸਪਤਾਲਾਂ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਇੱਥੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਅੱਜ ਵੀ ਜਾਰੀ ਰਿਹਾ। ਸੰਘਰਸ਼ੀ ਡਾਕਟਰਾਂ ਦੀ ਹਮਾਇਤ ਅੱਜ ਲੋਕ ਸੰਘਰਸ਼ ਕਮੇਟੀ ਦੇ ਵਫ਼ਦ ਨੇ ਵੀ ਕੀਤੀ। ਵਫ਼ਦ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਸੰਘਰਸ਼ ਵਿੱਚ ਸ਼ਮੂਲੀਅਤ ਵੀ ਕੀਤੀ। ਇਸੇ ਦੌਰਾਨ ਦਰਜਾ ਚਾਰ ਮੁਲਾਜ਼ਮ ਜਥੇਬੰਦੀ ਨੇ ਇਸ ਸੰਘਰਸ਼ ਦੀ ਹਮਾਇਤ ਵਿੱਚ ਰੋਸ ਮਾਰਚ ਕੀਤਾ। ਲੋਕ ਸੰਘਰਸ਼ ਕਮੇਟੀ ਦੇ ਵਫ਼ਦ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਸੁਰਿੰਦਰ ਸਿੰਘ ਖ਼ਾਲਸਾ, ਇਸਤਰੀ ਜਾਗ੍ਰਿਤੀ ਮੰਚ ਦੀ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ, ਟੀਐੱਸਯੂ ਦੇ ਹਿਰਾਵਲ ਦਸਤਾ ਗਰੁੱਪ ਦੇ ਗੁਰਚਰਨ ਸਿੰਘ, ਰਾਮਚੰਦ ਅਤੇ ਇਫਟੂ ਦੇ ਸਤਪਾਲ ਸਿੰਘ ਤੋਂ ਇਲਾਵਾ ਹੋਰ ਕਾਰਕੁਨ ਸ਼ਾਮਲ ਸਨ। ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਔਰਤਾਂ ਨਾਲ ਸਮਾਜ ਵਿੱਚ ਹੋ ਰਹੀਆਂ ਵਧੀਕੀਆਂ ਲਈ ਸਾਮਰਾਜ ਦਾ ਨਿੱਘਰਿਆ ਸੱਭਿਆਚਾਰ ਅਤੇ ਕਾਰਪੋਰੇਟ ਪੱਖੀ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਡਾਕਟਰਾਂ ਦੇ ਸੰਘਰਸ਼ ਨੂੰ ਨਿਆਂ ਦੀ ਆਵਾਜ਼ ਕਰਾਰ ਦਿੰਦਿਆਂ ਕਿਹਾ ਕਿ ਬੰਗਾਲ ਸਰਕਾਰ ਦਾ ਰੁਖ਼ ਅਤੇ ਪ੍ਰਧਾਨ ਮੰਤਰੀ ਦੀ ਚੁੱਪ ਦੋਵੇਂ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਕੋਲਕਾਤਾ ਦੀ ਘਟਨਾ ਮਗਰੋਂ ਉੱਤਰਾਖੰਡ ਵਿਚ ਇੱਕ ਨਰਸ ਨਾਲ ਵਾਪਰੀ ਹੌਲਨਾਕ ਘਟਨਾ ਅਤੇ ਮਹਾਰਾਸ਼ਟਰ ਵਿੱਚ ਸਕੂਲੀ ਬੱਚੀਆਂ ਦਾ ਜਿਨਸੀ ਸ਼ੋਸ਼ਣ ਇਹ ਦੱਸਦਾ ਹੈ ਕਿ ਸਮਾਜ ਨੂੰ ਇਸ ਵਰਤਾਰੇ ਵਿਰੁੱਧ ਬਹੁਪੱਖੀ ਸੰਘਰਸ਼ ਕਰਨਾ ਪਵੇਗਾ ਜਿਸ ਦਾ ਨਿਸ਼ਾਨਾ ਸਾਮਰਾਜ ਹੋਵੇਗਾ।
ਇਸੇ ਤਰ੍ਹਾਂ ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਸਬ ਯੂਨਿਟ ਰਾਜਿੰਦਰਾ ਹਸਪਤਾਲ ਦੇ ਪ੍ਰਧਾਨ ਸਾਥੀ ਰਾਜੇਸ਼ ਕੁਮਾਰ ਗੋਲੂ ਨੇ ਸਾਥੀਆਂ ਸਣੇ ਜੂਨੀਅਰ ਡਾਕਟਰਜ਼ ਐਸੋਸੀਏਸ਼ਨ ਦੇ ਸੰਘਰਸ਼ ਦੀ ਹਮਾਇਤ ਵਿੱਚ ਰੋਸ ਮਾਰਚ ਕੀਤਾ। ਉਹ ਆਪਣੇ ਸਾਥੀਆਂ ਅਤੇ ਪੈਰਾ ਮੈਡੀਕਲ ਸਟਾਫ ਦੇ ਸਾਥੀਆਂ ਸਮੇਤ ਮਾਰਚ ਕਰਦੇ ਹੋਏ ਧਰਨਾ ਸਥਾਨ ਓਪੀਡੀ ਬਲਾਕ ਰਾਜਿੰਦਰਾ ਹਸਪਤਾਲ ਸਾਹਮਣੇ ਪਹੁੰਚੇ। ਇਸ ਸਮੇਂ ਸੀਨੀਅਰ ਟਰੇਡ ਯੂਨੀਅਨ ਆਗੂ ਨਿਰਮਲ ਸਿੰਘ ਧਾਲੀਵਾਲ ਵੀ ਹਾਜ਼ਰ ਸਨ। ਇਸ ਦੌਰਾਨ ਦਰਸ਼ਨ ਸਿੰਘ ਲੁਬਾਣਾ ਤੇ ਜਗਮੋਹਨ ਨੌਲੱਖਾ ਨੇ ਵੀ ਸੰਬੋਧਨ ਕੀਤਾ।
ਮਾਲੇਰਕੋਟਲਾ (ਪੱਤਰ ਪ੍ਰੇਰਕ): ਆਯਾਨ ਕਾਲਜ ਆਫ਼ ਨਰਸਿੰਗ ਭੋਗੀਵਾਲ ਦੇ ਵਿਦਿਆਰਥੀਆਂ ਨੇ ਸੰਸਥਾ ਦੇ ਚੇਅਰਮੈਨ ਗਾਜ਼ੀ ਸ਼ੇਖ ਦੀ ਅਗਵਾਈ ਹੇਠ ਕੋਲਕਾਤਾ ਕਾਂਡ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਅੱਜ ਕਾਲਜ ਤੋਂ ਭੋਗੀਵਾਲ-ਲੁਧਿਆਣਾ ਮੁੱਖ ਮਾਰਗ ਤੱਕ ਰੋਸ ਰੈਲੀ ਕੱਢੀ। ਇਸੇ ਦੌਰਾਨ ਉਕਤ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਪੀਐੱਸਯੂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਵ ਧਰਮ ਸੰਸਥਾ ਨੇ ਹੋਰਨਾਂ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਰਹਿੰਦੀ ਦਰਵਾਜ਼ੇ ਤੋਂ ਕਲੱਬ ਚੌਕ ਤੱਕ ਮੋਮਬੱਤੀ ਮਾਰਚ ਕੱਢਿਆ।
ਧੂਰੀ (ਖੇਤਰੀ ਪ੍ਰਤੀਨਿਧ): ਸਰਕਾਰੀ ਕਾਲਜ ਬੇਨੜਾ ਵਿੱਚ ਅੱਜ ਕੋਲਕਾਤਾ ਸਮੂਹਿਕ ਜਬਰ-ਜਨਾਹ ਤੇ ਕਤਲ ਕਾਂਡ ਖਿਲਾਫ ਪੰਜਾਬ ਸਟੂਡੈਂਟਸ ਯੂਨੀਅਨ ਸਟੂਡੈਂਟਸ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਆਗੂ ਸੁਖਦੀਪ ਹਾਥਨ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਸ਼ੈਰੀ, ਸ਼ਗਨਦੀਪ ਕੌਰ, ਸ਼ਗਨਪ੍ਰੀਤ ਕੌਰ, ਹਰਮਨ ਸਿੰਘ ਆਦਿ ਹਾਜ਼ਰ ਸਨ।
ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਤੇ ਮੋਮਬੱਤੀ ਮਾਰਚ
ਪਟਿਆਲਾ (ਪੱਤਰ ਪ੍ਰੇਰਕ): ਵਿਦਿਆਰਥੀ ਜਥੇਬੰਦੀਆਂ ਵੱਲੋਂ ਕੋਲਕਾਤਾ ਦੇ ਹਸਪਤਾਲ ’ਚ ਰੈਜ਼ੀਡੈਂਟ ਡਾਕਟਰ ਨਾਲ ਹੋਏ ਸਮੂਹਿਕ ਜਬਰ ਜਨਾਹ ਅਤੇ ਕਤਲ ਖਿਲਾਫ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ ਅਤੇ ਮੋਮਬੱਤੀ ਮਾਰਚ ਕੀਤਾ ਗਿਆ। ਵਿਦਿਆਰਥੀ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਇਸ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਤੁਰੰਤ ਦਿੱਤੀ ਜਾਵੇ। ਇਸ ਦੌਰਾਨ ਪੀਐੱਸਯੂ ਤੋਂ ਗੁਰਦਾਸ ਸਿੰਘ, ਪੀਆਰਐੱਸਯੂ ਤੋਂ ਰਸ਼ਪਿੰਦਰ ਸਿੰਘ ਜਿਮੀ, ਪੀਐੱਸਯੂ (ਐੱਲ) ਤੋਂ ਹਰਪ੍ਰੀਤ ਸਿੰਘ, ਏਆਈਐੱਸਐੱਫ ਤੋਂ ਪ੍ਰਿਤਪਾਲ ਸਿੰਘ ,ਐੱਸਐੱਫਆਈ ਤੋਂ ਅੰਮ੍ਰਿਤਪਾਲ ਸਿੰਘ, ਪੀਐੱਸਐੱਫ ਤੋਂ ਗਗਨਦੀਪ ਸਿੰਘ ਨੇ ਸੰਬੋਧਨ ਕੀਤਾ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਭਾਰਤ ਭਰ ਵਿੱਚ ਹਰ ਰੋਜ਼ ਜਬਰ-ਜਨਾਹ ਦੀਆਂ 90 ਘਟਨਾਵਾਂ ਦਰਜ ਕੀਤੀਆਂ ਜਾਂਦੀਆਂ ਹਨ ਤੇ ਸਾਲ ਵਿੱਚ 33 ਹਜ਼ਾਰ ਤੋਂ ਵੱਧ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਪਰ ਦੇਸ਼ ਦੀ ਅਦਾਲਤ ਇਸ ਵਿੱਚ ਆਮ ਲੋਕਾਂ ਨੂੰ ਕੋਈ ਨਿਆਂ ਨਹੀਂ ਦਿਵਾ ਸਕਦੀ, ਇਸ ਕਰਕੇ ਪੂਰੇ ਦੇਸ਼ ਭਰ ਵਿੱਚ ਇਸ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਅਤੇ ਸਿੱਖਿਆਰਥੀ ਆਪਣੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਉਹ ਓਪੀਡੀ ਬੰਦ ਕਰ ਕੇ ਧਰਨੇ ’ਤੇ ਬੈਠੇ ਹਨ ਅਤੇ ਇਹ ਪ੍ਰਦਰਸ਼ਨ ਉਨ੍ਹਾਂ ਦੀ ਹਮਾਇਤ ਵਿੱਚ ਹੈ।