ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਗਸਤ
ਪੰਜਾਬੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਤਰੱਕੀਆਂ ’ਤੇ ਲੱਗੀ ਰੋਕ ਸਬੰਧੀ ਛਿੜੇ ਵਿਵਾਦ ਦੀ ਅਸਲੀਅਤ ਜਾਣਨ ਲਈ ਬਣੀ ਦੋ ਮੈਂਬਰੀ ਜਾਂਚ ਕਮੇਟੀ ਪੜਤਾਲ ਲਈ ਪੰਜਾਬੀ ਯੂਨੀਵਰਸਿਟੀ ਪੁੱਜੀ। ਅਹਿਮ ਪਹਿਲੂ ਇਹ ਹੈ ਕਿ ਇਨ੍ਹਾਂ ਕਮੇਟੀ ਮੈਂਬਰਾਂ ਵਿੱਚੋਂ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਸਪਾਲ ਸਿੰਘ ਵੀ ਹਨ ਜਿਨ੍ਹਾਂ ਦੀ ਯੂਨੀਵਰਸਿਟੀ ’ਚ ਅਧਿਆਪਕਾਂ ਦੀ ਭਰਤੀ ’ਚ ਕਥਿਤ ਗੜਬੜੀਆਂ ਦੇ ਲੱਗੇ ਦੋਸ਼ਾਂ ਕਾਰਨ ਜਾਂਚ ਸ਼ੁਰੂ ਹੋ ਚੁੱਕੀ ਹੈ। ਚੋਣਵੇਂ ਪੱਤਰਕਾਰਾਂ ਨਾਲ ਹੋਈ ਗੱਲਬਾਤ ਦੌਰਾਨ ਵੀਸੀ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਜੀਐੱਨਡੀਯੂ ਵਿਚਲੀ ਅਧਿਆਪਕਾਂ ਦੀ ਜਾਂਚ ਸਬੰਧੀ ਵਿਜੀਲੈਂਸ ਵੱਲੋਂ ਉਨ੍ਹਾਂ ਸਮੇਤ ਹੋਰ ਅਧਿਕਾਰੀਆਂ ਦੇ ਸਿਰਫ਼ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਤਰਕ ਸੀ ਕਿ ਕਿਸੇ ਵੀ ਮਾਮਲੇ ’ਚ ਬਿਆਨ ਕਲਮਬੰਦ ਕਰਵਾਓਣ ਨਾਲ ਕੋਈ ਅਧਿਕਾਰੀ ਜਾਂ ਮੁਲ਼ਾਜ਼ਮ ਮੁਲਜ਼ਮ ਨਹੀਂ ਬਣ ਜਾਂਦਾ। ਉਨ੍ਹਾਂ ਕਿਹਾ ਕਿ ਪੰਜਾਬੀ ’ਵਰਸਿਟੀ ਵਿੱਚ ਅਧਿਆਪਕਾਂ ਦੀਆਂ ਤਰੱਕੀਆਂ ਦੇ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ’ਚ ਉਨ੍ਹਾਂ ਨੂੰ ਉਚੇਰੀ ਸਿੱਖਿਆ ਵਿਭਾਗ ਵੱਲੋਂ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ ਜਿਸ ਕਰਕੇ ਸਰਕਾਰ ਵੱਲੋਂ ਲਾਈ ਗਈ ਜ਼ਿੰਮੇਵਾਰੀ ਨਿਭਾਉਣਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ।