ਪੱਤਰ ਪ੍ਰੇਰਕ
ਘਨੌਰ, 4 ਮਾਰਚ
ਇੱਥੋਂ ਨੇੜਲੇ ਪਿੰਡ ਕਾਮੀਂ ਖੁਰਦ ’ਚ ਪਿੰਡ ਵਾਸੀਆਂ ਵੱਲੋਂ ਪਿਆਰਾ ਮਸੀਹ, ਸ਼ੁਕਰਦੀਨ, ਨੰਬਰਦਾਰ ਸਰਦੂਲ ਸਿੰਘ, ਰਣ ਸਿੰਘ, ਕਾਲਾ ਖਾਨ ਅਤੇ ਗੁਰਮੇਲ ਖਾਨ ਦੀ ਸਾਂਝੀ ਅਗਵਾਈ ਵਿੱਚ ਪੁਆਧੀ ਅਖਾੜਾ ਲਗਾਇਆ ਗਿਆ। ਇਸ ਮੌਕੇ ਪੁਆਧੀ ਗਾਇਕ ਸਮਰ ਸਿੰਘ ਸੰਮੀ ਗਿੱਗੇਮਾਜਰਾ ਨੇ ਆਪਣੇ ਸਾਥੀਆਂ ਸਣੇ ਲੋਕ ਕਥਾ ਦੁੱਲਾ ਭੱਟੀ, ਨਮਰੂਦ ਬਾਦਸ਼ਾਹ ਸੁਣਾ ਕੇ ਲੋਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਨੇ ਪੁਆਧੀ ਭਗਤ ਕਵਿ ਆਸਾਰਾਮ ਬੈਦਵਾਨ ਦੇ ਕਿੱਸੇ ਵੀ ਸੁਣਾਏ। ਇਸ ਮੌਕੇ ਸਮਰ ਸਿੰਘ ਸੰਮੀ ਨੇ ਆਖਿਆ ਕਿ ਅਜੋਕੇ ਸਮੇਂ ਦੌਰਾਨ ਨੌਜਵਾਨ ਪੀੜ੍ਹੀ ਪੁਆਧੀ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ। ਹੁਣ ਸਮਾਂ ਹੈ ਕਿ ਅਸੀਂ ਪੁਆਧੀ ਵਿਰਸੇ ਨੂੰ ਸੰਭਾਲਣ ਲਈ ਹੰਭਲਾ ਮਾਰੀਏ। ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪੁਆਧੀ ਵਿਰਸੇ ਨਾਲ ਜੋੜਿਆ ਜਾਵੇ।
ਇਸ ਮੌਕੇ ਪੰਮਾ ਸਿੰਘ, ਗਿਆਨ ਸਿੰਘ, ਬਲਵੀਰ ਸਿੰਘ ਜੰਡ ਮੰਗੌਲੀ, ਹਰਦੇਵ ਸਿੰਘ ਸਿਆਲੂ ਸਮੇਤ ਹੋਰ ਮੌਜੂਦ ਸਨ।